ਗੁਰਦਾਸਪੁਰ ਵਿਖੇ ਗਾਂਧੀ ਜੈਅੰਤੀ ’ਤੇ ਡਰਾਈ ਡੇਅ ਦੀਆਂ ਉਡੀਆਂ ਧੱਜੀਆਂ
ਗੁਰਦਾਸਪੁਰ, 2 ਅਕਤੂਬਰ (ਚੱਕਰਾਜਾ)-2 ਅਕਤੂਬਰ ਨੂੰ ਗਾਂਧੀ ਜੈਯੰਤੀ ਦੇ ਰਾਸ਼ਟਰੀ ਤਿਉਹਾਰ ਮੌਕੇ ਪ੍ਰਸ਼ਾਸਨ ਵਲੋਂ ਐਲਾਨੇ ਗਏ ‘ਡਰਾਈ ਡੇਅ’ ਦੇ ਨਿਯਮਾਂ ਦੀਆਂ ਸ਼ਰੇਆਮ ਧੱਜੀਆਂ ਉੱਡਦੀਆਂ ਦੇਖਣ ਨੂੰ ਮਿਲੀਆਂ। ਜ਼ਿਲ੍ਹੇ ਅੰਦਰ ਸ਼ਰਾਬ ਵਪਾਰੀਆਂ ਨੇ ਸਰਕਾਰੀ ਹੁਕਮਾਂ ਨੂੰ ਛਿੱਕੇ ਟੰਗਦਿਆਂ ਸ਼ਾਮ 5 ਵਜੇ ਤੋਂ ਬਾਅਦ ਸ਼ਰਾਬ ਦੇ ਠੇਕੇ ਖੋਲ੍ਹ ਕੇ ਸ਼ਰੇਆਮ ਵਿੱਕਰੀ ਸ਼ੁਰੂ ਕਰ ਦਿੱਤੀ।
ਗੁਰਦਾਸਪੁਰ, 2 ਅਕਤੂਬਰ (ਚੱਕਰਾਜਾ)-2 ਅਕਤੂਬਰ ਨੂੰ ਗਾਂਧੀ ਜੈਯੰਤੀ ਦੇ ਰਾਸ਼ਟਰੀ ਤਿਉਹਾਰ ਮੌਕੇ ਪ੍ਰਸ਼ਾਸਨ ਵਲੋਂ ਐਲਾਨੇ ਗਏ ‘ਡਰਾਈ ਡੇਅ’ ਦੇ ਨਿਯਮਾਂ ਦੀਆਂ ਸ਼ਰੇਆਮ ਧੱਜੀਆਂ ਉੱਡਦੀਆਂ ਦੇਖਣ ਨੂੰ ਮਿਲੀਆਂ। ਜ਼ਿਲ੍ਹੇ ਅੰਦਰ ਸ਼ਰਾਬ ਵਪਾਰੀਆਂ ਨੇ ਸਰਕਾਰੀ ਹੁਕਮਾਂ ਨੂੰ ਛਿੱਕੇ ਟੰਗਦਿਆਂ ਸ਼ਾਮ 5 ਵਜੇ ਤੋਂ ਬਾਅਦ ਸ਼ਰਾਬ ਦੇ ਠੇਕੇ ਖੋਲ੍ਹ ਕੇ ਸ਼ਰੇਆਮ ਵਿੱਕਰੀ ਸ਼ੁਰੂ ਕਰ ਦਿੱਤੀ। ਪਰ ਹੈਰਾਨੀ ਦੀ ਗੱਲ ਇਹ ਰਹੀ ਕਿ ਇਸ ਪੂਰੇ ਘਟਨਾਕ੍ਰਮ ਦੌਰਾਨ ਆਬਕਾਰੀ ਵਿਭਾਗ ਤੇ ਸਥਾਨਕ ਪ੍ਰਸ਼ਾਸਨ ਪੂਰੀ ਤਰ੍ਹਾਂ ਮੂਕ ਦਰਸ਼ਕ ਬਣਿਆ ਰਿਹਾ। ਨਿਯਮਾਂ ਮੁਤਾਬਕ ਗਾਂਧੀ ਜੈਯੰਤੀ ਵਾਲੇ ਦਿਨ ਪੂਰੇ ਸੂਬੇ ’ਚ ਸ਼ਰਾਬ ਦੀ ਵਿੱਕਰੀ ’ਤੇ ਮੁਕੰਮਲ ਪਾਬੰਦੀ ਹੁੰਦੀ ਹੈ। ਪਰ ਠੇਕੇਦਾਰਾਂ ਵਲੋਂ ਕਾਨੂੰਨ ਦੀ ਪ੍ਰਵਾਹ ਕੀਤੇ ਬਿਨ੍ਹਾਂ ਦੁਕਾਨਾਂ ਦੇ ਸ਼ਟਰ ਚੁੱਕ ਕੇ ਸ਼ਰਾਬ ਵੇਚੀ ਗਈ ਤੇ ਪੁਲਿਸ ਵੀ ਗਾਇਬ ਰਹੀ ਤੇ ਲੋਕ ਸ਼ਰੇਆਮ ਠੇਕੇ ਦੇ ਬਾਹਰ ਹੀ ਸ਼ਰਾਬ ਪੀਂਦੇ ਨਜ਼ਰ ਆਏ । ਸਥਾਨਕ ਲੋਕਾਂ ’ਚ ਵਿਭਾਗ ਦੀ ਇਸ ਲਾਪ੍ਰਵਾਹੀ ਤੇ ਢਿੱਲੀ ਕਾਰਜਪ੍ਰਣਾਲੀ ਨੂੰ ਲੈ ਕੇ ਭਾਰੀ ਰੋਸ ਦੇਖਣ ਨੂੰ ਮਿਲ ਰਿਹਾ ਹੈ। ਖੇਤਰ ਦੇ ਜਾਗਰੂਕ ਸ਼ਹਿਰੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਨਿਯਮ ਤੋੜਨ ਵਾਲੇ ਠੇਕੇਦਾਰਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਲਾਪ੍ਰਵਾਹੀ ਵਰਤਣ ਵਾਲੇ ਜ਼ਿੰਮੇਵਾਰ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਕੀਤੀ ਜਾਵੇ। ਜਦੋਂ ਇਸ ਸਬੰਧੀ ਈ.ਟੀ.ਓ. ਗੁਰਦਾਸਪੁਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕਈ ਵਾਰ ਫੋਨ ਕਰਨ ਦੇ ਬਾਵਜੂਦ ਉਨ੍ਹਾਂ ਨੇ ਫੋਨ ਚੁੱਕਣਾ ਮੁਨਾਸਿਬ ਨਹੀਂ ਸਮਝਿਆ।