ਆਰ.ਟੀ.ਓ. ਦਫ਼ਤਰਾਂ ’ਚ ਆਊਟ ਸੋਰਸ ਮੁਲਾਜ਼ਮਾਂ ਨੂੰ ਅੱਠ ਮਹੀਨਿਆਂ ਦੀ ਤਨਖਾਹ ਨਾ ਮਿਲਣ ਕਰਕੇ ਮਚੀ ਹਾਹਾਕਾਰ
ਗੁਰਦਾਸਪੁਰ, 31 ਅਗਸਤ (ਅਸ਼ੋਕ ਸ਼ਰਮਾ)-ਆਰ. ਟੀ.
ਗੁਰਦਾਸਪੁਰ, 31 ਅਗਸਤ (ਅਸ਼ੋਕ ਸ਼ਰਮਾ)-ਆਰ.ਟੀ.ਓ ਦਫ਼ਤਰ ਗੁਰਦਾਸਪੁਰ ਤੇ ਬਟਾਲਾ ਵਿਖੇ ਆਊਟ ਸੋਰਸ ਮੁਲਾਜ਼ਮਾਂ ਨੂੰ ਪਿਛਲੇ ਅੱਠ ਮਹੀਨਿਆਂ ਤੋਂ ਤਨਖਾਹ ਨਹੀਂ ਮਿਲਣ ਕਾਰਨ ਉਹ ਆਰਥਿਕ ਪ੍ਰੇਸ਼ਾਨੀਆਂ ’ਚੋਂ ਲੰਘ ਰਹੇ ਹਨ । ਇਸ ਪਾਸੇ ਜ਼ਿਲ੍ਹਾ ਪ੍ਰਸ਼ਾਸਨ ਗੰਭੀਰ ਨਹੀਂ ਹੈ ਤੇ ਮੁਲਾਜ਼ਮਾਂ ਦਾ ਸਰਕਾਰ ਪ੍ਰਤੀ ਭਾਰੀ ਰੋਸ ਹੈ । ਗੁਰਦਾਸਪੁਰ ਵਿਖੇ ਆਊਟ ਸੋਰਸ ਮੁਲਾਜ਼ਮਾਂ ਨੇ ਆਪਣੇ ਨਾਂਅ ਗੁਪਤ ਰੱਖਣ ਦੀ ਸ਼ਰਤ ਵਿਚ ਦੱਸਿਆ ਕਿ ਪਹਿਲਾਂ ਹੀ ਉਹ ਥੋੜ੍ਹੀ ਜਿਹੀ ਤਨਖਾਹ ’ਤੇ ਕੰਮ ਕਰ ਰਹੇ ਹਨ, ਉਹ ਵੀ ਸਮੇਂ ਸਿਰ ਨਹੀਂ ਮਿਲ ਰਹੀ । ਉਨ੍ਹਾਂ ਦੱਸਿਆ ਕਿ ਇਸ ਨਾਲ ਸਾਰੇ ਮੁਲਾਜ਼ਮ ਆਰਥਿਕ ਤੰਗੀ ’ਚੋਂ ਲੰਘ ਰਹੇ ਹਨ ਤੇ ਘਰਾਂ ਦਾ ਗੁਜ਼ਾਰਾ ਕਰਨਾ ਵੀ ਔਖਾ ਹੋਇਆ ਪਿਆ ਹੈ। ਦੁਕਾਨਦਾਰਾਂ ਨੇ ਉਧਾਰ ਦੇਣਾ ਵੀ ਬੰਦ ਕਰ ਦਿੱਤਾ ਹੈ, ਕਿਉਂਕਿ ਉਨ੍ਹਾਂ ਨਾਲ ਪਿਛਲਾ ਹਿਸਾਬ ਕਿਤਾਬ ਨਹੀਂ ਹੋਇਆ ਹੈ। ਜਦੋਂ ਇਸ ਸਬੰਧੀ ਆਰ.ਟੀ.ਓ ਗੁਰਦਾਸਪੁਰ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦੱਸਿਆ ਇਨ੍ਹਾਂ ਦੀ ਨਵੀਂ ਪਰਪੋਜ਼ਲ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਭੇਜੀ ਹੋਈ ਹੈ ਅਤੇ ਮਨਜ਼ੂਰੀ ਮਿਲਣ ’ਤੇ ਇਨ੍ਹਾਂ ਦੇ ਖਾਤਿਆਂ ਵਿਚ ਤਨਖਾਹ ਪਾ ਦਿੱਤੀ ਜਾਵੇਗੀ। ਉਨ੍ਹਾਂ ਨੇ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਹੈ ਕਿ ਗੁਰਦਾਸਪੁਰ ਜ਼ਿਲ੍ਹੇ ਅੰਦਰ ਵੱਖ-ਵੱਖ ਵਿਭਾਗਾਂ ਤੇ ਖਾਸ ਕਰਕੇ ਆਰ.ਟੀ.ਓ ਗੁਰਦਾਸਪੁਰ ਦਫ਼ਤਰ ਲੱਗੇ ਮੁਲਾਜ਼ਮਾਂ ਦੇ ਖਾਤਿਆਂ ਵਿਚ ਤਨਖਾਹ ਫੌਰੀ ਤੌਰ ’ਤੇ ਪਾਈ ਜਾਵੇ । ਜਿਸ ਨਾਲ ਉਨ੍ਹਾਂ ਘਰੇਲੂ ਬਜਟ ਠੀਕ ਹੋ ਸਕੇ ।