ਐੱਨ.ਆਰ.ਆਈ. ਦੇ ਘਰੋਂ 12 ਤੋਲੇ ਸੋਨਾ ਤੇ ਵਿਦੇਸ਼ੀ ਕਰੰਸੀ ਚੋਰੀ
* ਪੁਲਿਸ ਦੀ ਕਾਰਜਪ੍ਰਣਾਲੀ ’ਤੇ ਉੱਠੇ ਸਵਾਲ * ਇਕ ਹਫ਼ਤੇ ਵਿਚ ਤੀਜੀ ਘਟਨਾ ਨਾਲ ਸ਼ਹਿਰ ਅੰਦਰ ਸਹਿਮ ਦਾ ਮਾਹੌਲ
ਫ਼ਤਿਹਗੜ੍ਹ ਚੂੜੀਆਂ, 2 ਅਗਸਤ (ਐਮ. ਐਸ.
ਫ਼ਤਿਹਗੜ੍ਹ ਚੂੜੀਆਂ, 2 ਅਗਸਤ (ਐਮ.ਐਸ.ਫੁੱਲ)-ਫਤਿਹਗੜ੍ਹ ਚੂੜੀਆਂ ਸ਼ਹਿਰ ਦੇ ਮਜੀਠਾ ਰੋਡ ਸਥਿਤ ਅਜੀਤ ਕਲੋਨੀ ਵਾਰਡ ਨੰਬਰ 4 ’ਚ ਚੋਰਾਂ ਵਲੋਂ ਇਕ ਐੱਨ.ਆਰ.ਆਈ. ਦੇ ਬੰਦ ਘਰ ਨੂੰ ਨਿਸ਼ਾਨਾ ਬਣਾਉਂਦਿਆਂ ਲੱਖਾਂ ਰੁਪਏ ਦੇ ਗਹਿਣੇ ਤੇ ਵਿਦੇਸ਼ੀ ਕਰੰਸੀ ਚੋਰੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਘਰ ਦੇ ਮਾਲਕਾਂ ਦੇ ਰਿਸ਼ਤੇਦਾਰ ਸੁਖਦੇਵ ਸਿੰਘ ਤੇ ਉਨ੍ਹਾਂ ਦੀ ਪਤਨੀ ਚਰਨਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਤੇ ਜਵਾਈ ਯੂ.ਕੇ. ’ਚ ਰਹਿੰਦੇ ਹਨ ਤੇ ਉਨ੍ਹਾਂ ਦੀ ਗੈਰ-ਹਾਜ਼ਰੀ ’ਚ ਉਹ ਘਰ ਦੀ ਦੇਖਭਾਲ ਲਈ ਸਫ਼ਾਈ ਕਰਨ ਆਏ ਸਨ। ਜਦੋਂ ਉਹ ਅੰਦਰ ਦਾਖ਼ਲ ਹੋਏ ਤਾਂ ਦੇਖਿਆ ਕਿ ਕਮਰਿਆਂ ਦੇ ਤਾਲੇ ਟੁੱਟੇ ਹੋਏ ਸਨ, ਸਾਰਾ ਸਾਮਾਨ ਖਿਲਰਿਆ ਪਿਆ ਸੀ ਤੇ ਚੋਰ ਪੇਟੀ ’ਚ ਰੱਖੇ ਕਰੀਬ 12 ਤੋਲੇ ਸੋਨੇ ਦੇ ਗਹਿਣੇ ਤੇ ਪਾਉਂਡ (ਬਾਹਰ ਦੀ ਕਰੰਸੀ) ਚੋਰੀ ਕਰਕੇ ਲੈ ਗਏ, ਜਦਕਿ ਜਾਂਦੇ ਸਮੇਂ ਉਹ ਘਰ ’ਚ ਪਏ ਬਿਸਕੁਟਾਂ ਦੇ ਪੈਕੇਟ ਵੀ ਖਾ ਗਏ। ਐਸ ਐਚ ਓ ਸੁਰਿੰਦਰਪਾਲ ਸਿੰਘ ਵਲੋਂ ਮਾਮਲਾ ਦਰਜ ਕਰਕੇ ਅਗਲੇਰੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਗਈ ਹੈ, ਪਰ ਪਿਛਲੇ ਇਕ ਹਫ਼ਤੇ ’ ਚ ਲਗਾਤਾਰ ਤੀਜੀ ਵਾਰ ਚੋਰੀ ਦੀ ਘਟਨਾ ਵਾਪਰਨ ਕਾਰਨ ਇਲਾਕਾ ਨਿਵਾਸੀਆਂ ’ਚ ਪੁਲਿਸ ਪ੍ਰਸ਼ਾਸਨ ਪ੍ਰਤੀ ਭਾਰੀ ਰੋਹ ਤੇ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ।