ਅਕਾਲੀ-ਭਾਜਪਾ ਗੱਠਜੋੜ ਹੋਣ ’ਤੇ ਅਕਾਲੀ-ਭਾਜਪਾ ਆਗੂਆਂ ਨੇ ਲੱਡੂ ਵੰਡ ਕੇ ਮਨਾਇਆ ਜਸ਼ਨ
ਦੋਵੇਂ ਪਾਰਟੀਆਂ ਪੰਜਾਬ ਦੀ ਤਰੱਕੀ, ਵਿਕਾਸ ਅਤੇ ਮਜ਼ਬੂਤ ਸਿਆਸੀ ਦਿਸ਼ਾ ਲਈ ਨਵੀਂ ਉਮੀਦ-ਐਡ. ਧਾਰਨੀ
ਬਸੀ ਪਠਾਣਾਂ, 24 ਨਵੰਬਰ-(ਰਾਜਿੰਦਰ ਸ਼ਰਮਾ, ਐਚ. ਐਸ.
ਬਸੀ ਪਠਾਣਾਂ, 24 ਨਵੰਬਰ-(ਰਾਜਿੰਦਰ ਸ਼ਰਮਾ, ਐਚ.ਐਸ. ਗੌਤਮ)-ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਗੱਠਜੋੜ ਦੀ ਖ਼ਬਰ ਸਾਹਮਣੇ ਆਉਣ ’ਤੇ ਬਸੀ ਪਠਾਣਾਂ ਸ਼ਹਿਰ ਵਿਚ ਦੋਵਾਂ ਪਾਰਟੀਆਂ ਦੇ ਆਗੂਆਂ ਤੇ ਵਰਕਰਾਂ ਵਿਚ ਖ਼ੁਸ਼ੀ ਦੀ ਲਹਿਰ ਦੌੜ ਗਈ। ਗੱਠਜੋੜ ਦੀ ਖ਼ੁਸ਼ੀ ਸਾਂਝੀ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਤੇ ਲੀਗਲ ਵਿੰਗ ਦੇ ਪ੍ਰਧਾਨ ਐਡ. ਅਮਰਦੀਪ ਸਿੰਘ ਧਾਰਨੀ ਨੇ ਇਸ ਗੱਠਜੋੜ ਨੂੰ ਪੰਜਾਬ ਦੀ ਰਾਜਨੀਤੀ ਵਿਚ ਇੱਕ ਨਵੀਂ ਦਿਸ਼ਾ ਵੱਲ ਵਧਦਾ ਕਦਮ ਕਰਾਰ ਦਿੱਤਾ। ਐਡ. ਧਾਰਨੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੋਵੇਂ ਹੀ ਲੰਮੇ ਸਮੇਂ ਤੋਂ ਪੰਜਾਬ ਦੀ ਰਾਜਨੀਤੀ ਵਿਚ ਅਹਿਮ ਭੂਮਿਕਾ ਨਿਭਾਉਂਦੀਆਂ ਆ ਰਹੀਆਂ ਹਨ। ਦੋਵਾਂ ਪਾਰਟੀਆਂ ਦੇ ਆਪਸੀ ਤਾਲਮੇਲ,ਤਜਰਬੇ ਅਤੇ ਮਜ਼ਬੂਤ ਸੰਗਠਨ ਨੂੰ ਇਕੱਠੇ ਲਿਆਉਣ ਨਾਲ ਸੂਬੇ ਵਿਚ ਵਿਕਾਸ ਕਾਰਜਾਂ ਨੂੰ ਨਵੀਂ ਗਤੀ ਮਿਲਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਗੱਠਜੋੜ ਸਿਆਸੀ ਸਮਝੌਤਾ ਨਹੀਂ,ਸਗੋਂ ਪੰਜਾਬ ਦੇ ਭਵਿੱਖ ਅਤੇ ਲੋਕਾਂ ਦੀਆਂ ਉਮੀਦਾਂ ਦਾ ਪ੍ਰਤੀਕ ਬਣੇਗਾ, ਕਿਉਂਕਿ ਅੱਜ ਪੰਜਾਬ ਕਈ ਚੁਣੌਤੀਆਂ ਨਾਲ ਜੂਝ ਰਿਹਾ ਹੈ, ਅਕਾਲੀ-ਭਾਜਪਾ ਗੱਠਜੋੜ ਰਾਹੀਂ ਇਨ੍ਹਾਂ ਮੁੱਦਿਆਂ ਨੂੰ ਸਾਂਝੇ ਤੌਰ ’ਤੇ ਉਠਾਉਣ ਅਤੇ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਪ੍ਰਭਾਵਸ਼ਾਲੀ ਯਤਨ ਕੀਤੇ ਜਾਣਗੇ। ਉਨ੍ਹਾਂ ਨੇ ਕਿਹਾ ਕਿ ਗੱਠਜੋੜ ਦੀ ਸਭ ਤੋਂ ਵੱਡੀ ਖ਼ੂਬੀ ਦੋਵਾਂ ਪਾਰਟੀਆਂ ਦਾ ਜ਼ਮੀਨੀ ਪੱਧਰ ’ਤੇ ਮਜ਼ਬੂਤ ਜਨ-ਆਧਾਰ, ਤਜਰਬੇਕਾਰ ਆਗੂਆਂ ਦੀ ਟੀਮ ਅਤੇ ਕੇਂਦਰ ਤੇ ਸੂਬੇ ਦੇ ਵਿਕਾਸ ਸਬੰਧੀ ਮੁੱਦਿਆਂ ਨੂੰ ਸਾਂਝੇ ਮੰਚ ’ਤੇ ਲਿਆਉਣ ਦੀ ਸਮਰੱਥਾ ਹੈ। ਉਨ੍ਹਾਂ ਕਿਹਾ ਕਿ ਆਪਸੀ ਸਹਿਯੋਗ ਨਾਲ ਪੰਜਾਬ ਵਿਚ ਨਵੇਂ ਉਦਯੋਗ ਸਥਾਪਤ ਕਰਨ, ਨਿਵੇਸ਼ ਵਧਾਉਣ, ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ਅਤੇ ਕਿਸਾਨਾਂ ਤੇ ਵਪਾਰੀਆਂ ਦੇ ਹਿਤਾਂ ਦੀ ਰਾਖੀ ਲਈ ਮਜ਼ਬੂਤ ਆਵਾਜ਼ ਉਠਾਈ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਅਜਿਹੀ ਸਿਆਸੀ ਦਿਸ਼ਾ ਦੀ ਲੋੜ ਹੈ, ਜਿੱਥੇ ਵਿਕਾਸ, ਅਮਨ-ਸ਼ਾਂਤੀ, ਭਾਈਚਾਰਕ ਸਾਂਝ ਅਤੇ ਲੋਕ-ਭਲਾਈ ਨੂੰ ਤਰਜੀਹ ਦਿੱਤੀ ਜਾਵੇ। ਇਸ ਮੌਕੇ ਦੋਵੇਂ ਪਾਰਟੀਆਂ ਦੇ ਆਗੂਆਂ ਵਲੋਂ ਗੱਠਜੋੜ ਹੋਣ ’ਤੇ ਲੱਡੂ ਵੰਡ ਕੇ ਜਸ਼ਨ ਮਨਾਇਆ ਗਿਆ। ਇਸ ਮੌਕੇ ਅਕਾਲੀ ਆਗੂ ਯੁਗਵਿੰਦਰ ਸਿੰਘ ਧਾਲੀਵਾਲ, ਕੁਲਦੀਪ ਸਿੰਘ ਸਿੱਧੂਪੁਰ, ਰਾਜੀਵ ਮਲਹੋਤਰਾ, ਮਲਕੀਤ ਸਿੰਘ ਮਠਾੜੂ, ਰਮਨ ਗੁਪਤਾ, ਮਨਪ੍ਰੀਤ ਸਿੰਘ ਹੈਪੀ, ਮਾਰੂਤ ਮਲਹੋਤਰਾ, ਨਰਵੀਰ ਧੀਮਾਨ ਜੋਨੀ, ਮਾਸਟਰ ਪ੍ਰਕਾਸ਼ ਸਿੰਘ, ਪਵਨ ਬਾਂਸਲ, ਸੋਹਨ ਲਾਲ ਮੈਨਰੋ, ਸੰਦੀਪ ਸਿੰਗਲਾ, ਹਰੀਸ਼ ਥਰੇਜਾ, ਬੱਬਾ, ਨਰਿੰਦਰ ਗੁਪਤਾ ਹਾਜ਼ਰ ਸਨ।