16-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2026

ਪੰਜਾਬ ਬੰਦ ਦੇ ਸੱਦੇ ’ਤੇ ਫ਼ਤਹਿਗੜ੍ਹ ਸਾਹਿਬ ਦੇ ਵੱਖ - ਵੱਖ ਇਲਾਕਿਆਂ ’ ਚ ਮਿਲਿਆ ਭਰਵਾਂ ਹੁੰਗਾਰਾ

ਫ਼ਤਹਿਗੜ੍ਹ ਸਾਹਿਬ, 15 ਅਕਤੂਬਰ (ਬਲਜਿੰਦਰ ਸਿੰਘ)- ਮਾਨਸਾ ਵਿਖੇ ਨਸ਼ਿਆਂ ਖ਼ਿਲਾਫ਼ ਲੜਾਈ ਲੜਨ ਵਾਲੇ ਸਮਾਜਿਕ ਕਾਰਕੁਨ ਪਰਵਿੰਦਰ ਸਿੰਘ ਝੋਟਾ ਦਾ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕੀਤੇ ਜਾਣ ਤੋਂ ਬਾਅਦ ਪੀੜਤ ਪਰਿਵਾਰ ਤੇ ਗਠਿਤ ਸਾਂਝੀ ਸੰਘਰਸ਼ ਕਮੇਟੀ ਵਲੋਂ ਅੱਜ ਪੰਜਾਬ ਬੰਦ ਦੇ ਦਿੱਤੇ ਸੱਦੇ ਨੂੰ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਵੱਖ-ਵੱਖ ਇਲਾਕਿਆਂ ਵਿਚ ਪੂਰਨ ਸਮਰਥਨ ਤੇ ਹੁੰਗਾਰਾ ਮਿਲਿਆ, ਜਿਸ ਦੌਰਾਨ ਬੰਦ ਦੇ ਸਮਰਥਨ ਵਿਚ ਸ਼ਹਿਰ ਦੇ ਬਾਜ਼ਾਰਾਂ ਦੀਆਂ ਦੁਕਾਨਾਂ ਮੁਕੰਮਲ ਬੰਦ ਰਹੀਆਂ, ਜਦਕਿ ਰੇਹੜੀਆਂ-ਫੜ੍ਹੀਆਂ ਵਾਲਿਆਂ ਨੇ ਵੀ ਆਪਣੇ ਕਾਰੋਬਾਰ ਬੰਦ ਰੱਖ ਕੇ ਪੰਜਾਬ ਬੰਦ ਨੂੰ ਹੁੰਗਾਰਾ ਦਿੱਤਾ। ਜਿਸ ਕਰਕੇ ਸ਼ਹਿਰ ਦੇ ਬਾਜ਼ਾਰਾਂ ਵਿਚ ਸੰਨਾਟਾ ਛਾਇਆ ਰਿਹਾ।

Ad Position 21
No active advertisement
(ਬਾਕੀ ਸਫਾ 7 ’ ਤੇ) 16-10-2026
ਫ਼ਤਹਿਗੜ੍ਹ ਸਾਹਿਬ, 15 ਅਕਤੂਬਰ (ਬਲਜਿੰਦਰ ਸਿੰਘ)- ਮਾਨਸਾ ਵਿਖੇ ਨਸ਼ਿਆਂ ਖ਼ਿਲਾਫ਼ ਲੜਾਈ ਲੜਨ ਵਾਲੇ ਸਮਾਜਿਕ ਕਾਰਕੁਨ ਪਰਵਿੰਦਰ ਸਿੰਘ ਝੋਟਾ ਦਾ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕੀਤੇ ਜਾਣ ਤੋਂ ਬਾਅਦ ਪੀੜਤ ਪਰਿਵਾਰ ਤੇ ਗਠਿਤ ਸਾਂਝੀ ਸੰਘਰਸ਼ ਕਮੇਟੀ ਵਲੋਂ ਅੱਜ ਪੰਜਾਬ ਬੰਦ ਦੇ ਦਿੱਤੇ ਸੱਦੇ ਨੂੰ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਵੱਖ-ਵੱਖ ਇਲਾਕਿਆਂ ਵਿਚ ਪੂਰਨ ਸਮਰਥਨ ਤੇ ਹੁੰਗਾਰਾ ਮਿਲਿਆ, ਜਿਸ ਦੌਰਾਨ ਬੰਦ ਦੇ ਸਮਰਥਨ ਵਿਚ ਸ਼ਹਿਰ ਦੇ ਬਾਜ਼ਾਰਾਂ ਦੀਆਂ ਦੁਕਾਨਾਂ ਮੁਕੰਮਲ ਬੰਦ ਰਹੀਆਂ, ਜਦਕਿ ਰੇਹੜੀਆਂ-ਫੜ੍ਹੀਆਂ ਵਾਲਿਆਂ ਨੇ ਵੀ ਆਪਣੇ ਕਾਰੋਬਾਰ ਬੰਦ ਰੱਖ ਕੇ ਪੰਜਾਬ ਬੰਦ ਨੂੰ ਹੁੰਗਾਰਾ ਦਿੱਤਾ। ਜਿਸ ਕਰਕੇ ਸ਼ਹਿਰ ਦੇ ਬਾਜ਼ਾਰਾਂ ਵਿਚ ਸੰਨਾਟਾ ਛਾਇਆ ਰਿਹਾ। ਇਸੇ ਦੌਰਾਨ ਕਈ ਥਾਵਾਂ ’ਤੇ ਪੰਜਾਬ ਸਰਕਾਰ ਦੇ ਫਲੈਕਸ ਬੋਰਡਾਂ ਨੂੰ ਫਾੜਨ ਜਾਂ ਉਨ੍ਹਾਂ ’ਤੇ ਕਾਲਖ ਫੇਰਨ ਦੀਆਂ ਸੂਚਨਾਵਾਂ ਵੀ ਪ੍ਰਾਪਤ ਹੋਈਆਂ ਹਨ। ਪੰਜਾਬ ਬੰਦ ਦੇ ਸਮਰਥਨ ਵਿਚ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਗੁਰਜਿੰਦਰ ਸਿੰਘ ਗੱਗੀ ਦੀ ਅਗਵਾਈ ਹੇਠ ਵੱਖ-ਵੱਖ ਸੰਗਠਨਾਂ ਵਲੋਂ ਬਡਾਲੀ ਆਲਾ ਸਿੰਘ ਵਿਖੇ ਸਰਹਿੰਦ-ਚੰਡੀਗੜ੍ਹ ਰੋਡ ਜਾਮ ਕਰਕੇ ਧਰਨਾ ਲਗਾਇਆ ਗਿਆ। ਜਿਸ ਦਾ ਵੱਖ-ਵੱਖ ਕਿਸਾਨ, ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਸੰਗਠਨਾਂ ਨੇ ਪੂਰਨ ਸਮਰਥਨ ਕੀਤਾ ਅਤੇ ਸਵ. ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨੂੰ ਇਨਸਾਫ਼ ਦੇਣ ਦੀ ਮੰਗ ਕੀਤੀ। ਉਨ੍ਹਾਂ ਦੋਸ਼ ਲਗਾਇਆ ਕਿ ਸੂਬੇ ਵਿਚ ਪੁਲਿਸ ਨੂੰ ਲੋਕਾਂ ਦੀ ਆਵਾਜ਼ ਦਬਾਉਣ ਲਈ ਵਰਤਿਆ ਜਾ ਰਿਹਾ ਹੈ ਅਤੇ ਪੁਲਿਸ ਸੱਤਾਧਾਰੀ ਪਾਰਟੀ ਦੇ ਇਕ ਵਿੰਗ ਵਜੋਂ ਕੰਮ ਕਰ ਰਹੀ ਹੈ। ਆਗੂਆਂ ਨੇ ਸਪਸ਼ਟ ਕੀਤਾ ਕਿ ਪਰਿਵਾਰ ਲਈ ਇਨਸਾਫ਼ ਦੀ ਲੜਾਈ ਜਾਰੀ ਰਹੇਗੀ। ਇਸ ਧਰਨੇ ਵਿਚ ਭਾਰਤੀ ਜਨਤਾ ਪਾਰਟੀ, ਜ਼ਿਲ੍ਹਾ ਬਾਰ ਐਸੋਸੀਏਸ਼ਨ ਅਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਸਮੇਤ ਕਈ ਰਾਜਨੀਤਿਕ, ਸਮਾਜਿਕ ਸੰਗਠਨਾਂ ਦੇ ਆਗੂਆਂ ਨੇ ਸ਼ਮੂਲੀਅਤ ਕਰਕੇ ਪੰਜਾਬ ਬੰਦ ਦਾ ਸਮਰਥਨ ਕੀਤਾ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਗੁਰਜਿੰਦਰ ਸਿੰਘ ਗੱਗੀ, ਸੂਬਾ ਸੀਨੀਅਰ ਮੀਤ ਪ੍ਰਧਾਨ ਜਸਵੀਰ ਸਿੰਘ ਸਿੱਧੂਪੁਰ, ਗੁਰਜੀਤ ਸਿੰਘ ਵਜੀਦਪੁਰ, ਪ੍ਰਕਾਸ਼ ਸਿੰਘ ਬੱਬਲ, ਨਾਹਰ ਸਿੰਘ ਖੋਜੇ ਮਾਜਰਾ, ਬਲਦੇਵ ਸਿੰਘ ਮੁੱਲਾਂਪੁਰ, ਹਰਿੰਦਰ ਸਿੰਘ ਨੰਡਿਆਲਾ, ਬਲਪ੍ਰੀਤ ਸਿੰਘ, ਇਕਬਾਲ ਸਿੰਘ, ਚਤਰ ਸਿੰਘ, ਭਾਜਪਾ ਕਿਸਾਨ ਮੋਰਚਾ ਦੇ ਜਨਰਲ ਸਕੱਤਰ ਸਿਕੰਦਰ ਸਿੰਘ ਚੋਲਟੀ, ਐਡਵੋਕੇਟ ਸਿੰਘ ਵਰਿੰਦਰ ਸਿੰਘ, ਵਿਰਸਾ ਖੇੜੀਵਾਲਾ, ਸ਼੍ਰੋਮਣੀ ਅਕਾਲੀ ਦਲ (ਅ) ਦੇ ਆਗੂ ਧਰਮ ਸਿੰਘ ਕਲੌੜ, ਗੁਰਜੋਤ ਸਿੰਘ, ਹਰਬੰਸ ਸਿੰਘ, ਅਵਤਾਰ ਸਿੰਘ, ਜਸ਼ਨਦੀਪ ਸਿੰਘ ਬਹਿਰਾਮਪੁਰ, ਬਲਦੇਵ ਸਿੰਘ ਪਮੋਰ, ਤਜਿੰਦਰ ਸਿੰਘ ਬਧੌਛੀ, ਪ੍ਰਨੀਤ ਕੌਰ ਚੁੰਨੀ, ਗੁਰਵਿੰਦਰ ਸਿੰਘ ਨੰਬਰਦਾਰ, ਗੁਰਮੀਤ ਸਿੰਘ, ਰਣਧੀਰ ਸਿੰਘ, ਗੁਰਭੇਜ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਅਮਨ ਪਸੰਦ ਲੋਕ ਸ਼ਾਮਿਲ ਸਨ। ਜ਼ਿਲ੍ਹਾ ਬਾਰ ਐਸੋਸ਼ੀਏਸ਼ਨ ਨੇ ਅਦਾਲਤੀ ਕੰਮਕਾਜ ਬੰਦ ਕਰਕੇ ਪੰਜਾਬ ਬੰਦ ਦਾ ਕੀਤਾ ਸਮਰਥਨ ਫ਼ਤਹਿਗੜ੍ਹ ਸਾਹਿਬ, (ਬਲਜਿੰਦਰ ਸਿੰਘ)- ਨਸ਼ਿਆਂ ਖ਼ਿਲਾਫ਼ ਲੜਾਈ ਲੜਨ ਵਾਲੇ ਪਰਵਿੰਦਰ ਸਿੰਘ ਝੋਟਾ ਦੇ ਦਿਨ ਦਿਹਾੜੇ ਹੋਏ ਕਤਲ ਤੋਂ ਬਾਅਦ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਸਾਂਝੀ ਸੰਘਰਸ਼ ਕਮੇਟੀ ਅਤੇ ਵੱਖ-ਵੱਖ ਜਥੇਬੰਦੀਆਂ ਵਲੋਂ ਅੱਜ ਪੰਜਾਬ ਬੰਦ ਦੇ ਦਿੱਤੇ ਸੱਦੇ ਤਹਿਤ ਜ਼ਿਲ੍ਹਾ ਬਾਰ ਐਸੋਸ਼ੀਏਸ਼ਨ ਫ਼ਤਹਿਗੜ੍ਹ ਸਾਹਿਬ ਦੇ ਪ੍ਰਧਾਨ ਐਡੋਵੇਕਟ ਇੰਦਰਜੀਤ ਸਿੰਘ ਸਾਊ ਦੀ ਅਗਵਾਈ ਹੇਠ ਸਮੁੱਚੇ ਵਕੀਲ ਭਾਈਚਾਰੇ ਨੇ ਅਦਾਲਤੀ ਕੰਮਕਾਜ ਬੰਦ ਕਰਕੇ ਪੰਜਾਬ ਬੰਦ ਦਾ ਪੂਰਨ ਸਮਰਥਨ ਕੀਤਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜ਼ਿਲ੍ਹਾ ਬਾਰ ਐਸ਼ੋਸ਼ੀਏਸ਼ਨ ਦੇ ਪ੍ਰਧਾਨ ਐਡਵੋਕੇਟ ਇੰਦਰਜੀਤ ਸਿੰਘ ਸਾਊ ਨੇ ਕਿਹਾ ਕਿ ਮਾਨਸਾ ਦੇ ਸਮਾਜ ਸੇਵਕ ਪਰਵਿੰਦਰ ਸਿੰਘ ਝੋਟਾ ਦੀ ਲੜਾਈ ਕਿਸੇ ਵਿਅਕਤੀ ਨਾਲ ਨਹੀਂ ਸੀ, ਸਗੋਂ ਉਹ ਨਸ਼ਿਆਂ ਖ਼ਿਲਾਫ਼ ਲੜਾਈ ਲੜ ਰਿਹਾ ਸੀ, ਜਿਸ ਦਾ ਵਾਇਰਲ ਵੀਡੀਓ ਅਨੁਸਾਰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ ਤੇ ਇਹ ਘਟਨਾ ਬਹੁਤ ਹੀ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਸਮਾਜ ਭਲਾਈ ਜਾਂ ਨਸ਼ਿਆਂ ਖਿਲਾਫ਼ ਲੋਕਾਂ ਨੂੰ ਲਾਮਬੰਦ ਕਰ ਰਹੇ ਹਨ, ਉਨ੍ਹਾਂ ਦੀ ਸਰੁਖਿਆ ਨੂੰ ਯਕੀਨੀ ਬਣਾਉਣਾ ਸਰਕਾਰ ਦੀ ਜਿੰਮੇਵਾਰੀ ਹੈ। ਉਨਾਂ ਕਿਹਾ ਕਿ ਸਰਕਾਰ ਨੂੰ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਵਾ ਕੇ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣਾ ਚਾਹੀਦਾ ਹੈ ਅਤੇ ਦੋਸ਼ੀਆਂ ਵਿਰੁੱਧ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਯਕੀਨੀ ਬਣਾਉਣੀ ਚਾਹੀਦੀ ਹੈ। ਐਡਵੋਕੇਟ ਸਾਊ ਨੇ ਕਿਹਾ ਕਿ ਪੰਜਾਬ ਵਿਚ ਨਸ਼ਿਆਂ ਦੀ ਸਮੱਸਿਆ ਨੂੰ ਜੜ੍ਹੋਂ ਖ਼ਤਮ ਕਰਨ ਲਈ ਸਰਕਾਰ ਦੇ ਨਾਲ-ਨਾਲ ਸਮਾਜ ਦੇ ਹਰ ਵਰਗ ਦਾ ਸਹਿਯੋਗ ਬਹੁਤ ਜ਼ਰੂਰੀ ਹੈ। ਇਸ ਲਈ ਸਰਕਾਰ ਤੇ ਪੁਲਿਸ ਪ੍ਰਸ਼ਾਸ਼ਨ ਨੂੰ ਅਜਿਹੀਆਂ ਸ਼ਿਕਾਇਤਾਂ ਨੂੰ ਗੰਭੀਰਤਾ ਨਾਲ ਲੈ ਕੇ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ ਤੇ ਸਮਾਜ ਸੇਵਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ। ਪਰਵਿੰਦਰ ਝੋਟਾ ਦੇ ਕਤਲ ਦੇ ਵਿਰੋਧ ’ਚ ਪੰਜਾਬ ਬੰਦ ਨੂੰ ਖਮਾਣੋਂ ਵਿਖੇ ਮਿਲਿਆ ਭਰਵਾਂ ਹੁੰਗਾਰਾ ਖਮਾਣੋਂ, (ਜੋਗਿੰਦਰ ਪਾਲ)- ਨਸ਼ਿਆਂ ਖ਼ਿਲਾਫ਼ ਆਪਣੀ ਆਵਾਜ਼ ਬੁਲੰਦ ਕਰਨ ਵਾਲੇ ਪਰਵਿੰਦਰ ਝੋਟਾ ਦੇ ਮਾਨਸਾ ਸ਼ਹਿਰ ਵਿਖੇ ਹੋਏ ਕਤਲ ਦੇ ਵਿਰੋਧ ਵਿਚ ਅੱਜ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਨੂੰ ਖਮਾਣੋਂ ਵਿਖੇ ਭਰਵਾਂ ਹੁੰਗਾਰਾ ਮਿਲਿਆ। ਸ਼ਹਿਰ ਖਮਾਣੋਂ ’ਚ ਕਿਸਾਨ ਜਥੇਬੰਦੀਆਂ, ਨਿਹੰਗ ਸਿੰਘ ਜਥੇਬੰਦੀਆਂ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੇ ਹੋਰਨਾਂ ਜਥੇਬੰਦੀਆਂ ਨੇ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਅਤੇ ਨੌਜਵਾਨਾਂ ਵਲੋਂ ਸ਼ਹਿਰ ਅੰਦਰ ਲੱਗੇ ਆਮ ਆਦਮੀ ਪਾਰਟੀ ਦੇ ਬੈਨਰ ਫਾੜੇ ਗਏ। ਬੰਦ ਦੇ ਸੱਦੇ ਦੇ ਮੱਦੇਨਜ਼ਰ ਸ਼ਹਿਰ ਦੇ ਬਾਜ਼ਾਰਾਂ ਵਿਚ ਦੁਕਾਨਾਂ ਬੰਦ ਰਹੀਆਂ, ਜਦਕਿ ਰੇਹੜੀਆਂ-ਫੜ੍ਹੀਆਂ ਵਾਲਿਆਂ ਨੇ ਵੀ ਆਪਣੇ ਕਾਰੋਬਾਰ ਬੰਦ ਰੱਖ ਕੇ ਇਸ ਸੱਦੇ ਦਾ ਸਮਰਥਨ ਕੀਤਾ। ਸ਼ਹਿਰ ਦੇ ਮੁੱਖ ਬਾਜ਼ਾਰਾਂ ਵਿਚ ਸੁੰਨਸਾਨ ਛਾਈ ਰਹੀ ਤੇ ਆਮ ਦਿਨਾਂ ਦੇ ਮੁਕਾਬਲੇ ਲੋਕਾਂ ਦੀ ਆਵਾਜਾਈ ਵੀ ਕਾਫ਼ੀ ਘੱਟ ਨਜ਼ਰ ਆਈ। ਖਮਾਣੋਂ ਦੇ ਬਾਜ਼ਾਰਾਂ ਵਿਚ ਸ਼ਾਂਤਮਈ ਰੋਸ ਮਾਰਚ ਵੀ ਕੀਤਾ ਗਿਆ ਤੇ ਪਰਵਿੰਦਰ ਝੋਟਾ ਅਮਰ ਰਹੇ, ਪੰਜਾਬ ਸਰਕਾਰ ਮੁਰਦਾਬਾਦ ਦੇ ਜ਼ੋਰਦਾਰ ਨਾਅਰੇ ਲਗਾਏ ਗਏ। ਇਸ ਦੌਰਾਨ ਖਮਾਣੋਂ ਦੇ ਮੁੱਖ ਬਾਜ਼ਾਰ ਵਿਚ ਮੁੱਖ ਮੰਤਰੀ ਭਗਵੰਤ ਮਾਨ ਦੇ ਲੱਗੇ ਪੋਸਟਰ ਵੀ ਫਾੜੇ ਗਏ ਅਤੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਬੰਦ ਦੇ ਸੱਦੇ ਕਾਰਨ ਸ਼ਹਿਰ ਦੇ ਵਪਾਰਕ ਅਦਾਰਿਆਂ ਵਿਚ ਕੰਮਕਾਜ ਠੱਪ ਰਿਹਾ ਅਤੇ ਬਾਜ਼ਾਰਾਂ ਵਿਚ ਵੀ ਸ਼ੁਨਸਾਨ ਛਾਈ ਰਹੀ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਨਸ਼ਿਆਂ ਦੇ ਵਧ ਰਹੇ ਕਾਰੋਬਾਰ ਤੇ ਇਸ ਗੰਭੀਰ ਸਮੱਸਿਆ ਨੂੰ ਰੋਕਣ ਵਿਚ ਸਰਕਾਰ ਦੀ ਕਾਰਗੁਜ਼ਾਰੀ ਉੱਤੇ ਸਵਾਲ ਉਠਾਉਂਦਿਆਂ ਸਰਕਾਰ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਉਣਾ ਸਮੇਂ ਦੀ ਮੁੱਖ ਲੋੜ ਹੈ ਅਤੇ ਨਸ਼ਿਆਂ ਵਿਰੁੱਧ ਆਵਾਜ਼ ਉਠਾਉਣ ਵਾਲੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਣੀ ਚਾਹੀਦੀ ਹੈ। ਬੁਲਾਰਿਆਂ ਨੇ ਮੰਗ ਕੀਤੀ ਕਿ ਪਰਵਿੰਦਰ ਝੋਟਾ ਦੇ ਮਾਮਲੇ ਵਿਚ ਇਨਸਾਫ਼ ਯਕੀਨੀ ਬਣਾਇਆ ਜਾਵੇ ਤੇ ਨਸ਼ਿਆਂ ਦੇ ਕਾਰੋਬਾਰ ਵਿਚ ਸ਼ਾਮਲ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਸੁਖਦੇਵ ਸਿੰਘ ਗੱਗੜਵਾਲ, ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਕਸ਼ਮੀਰਾ ਸਿੰਘ ਜਟਾਣਾ ਉੱਚਾ, ਕਿਰਪਾਲ ਸਿੰਘ ਬਦੇਸ਼ ਕਲਾਂ, ਸਰਬਜੀਤ ਸਿੰਘ ਲਾਡੀ ਜ਼ਿਲ੍ਹਾ ਪ੍ਰਧਾਨ ਯੂਥ ਅਕਾਲੀ ਦਲ, ਜੱਸਾ ਭੜੀ, ਕਾਂਗਰਸੀ ਆਗੂ ਡਾ. ਨਰੇਸ਼ ਚੌਹਾਨ, ਪਰਮਜੀਤ ਸਿੰਘ ਪਾਰਸ, ਪਰਮਜੀਤ ਸਿੰਘ ਖਮਾਣੋਂ, ਲਖਬੀਰ ਸਿੰਘ ਅਮਰਗੜ੍ਹ, ਜੱਸੀ ਧਨੌਲਾ, ਰਮਨ ਕੰਗ ਸਾਬਕਾ ਕੌਂਸਲਰ, ਲਖਬੀਰ ਸਿੰਘ, ਮਨਤੇਜ ਸਿੰਘ ਜਟਾਣਾ, ਜਸਵੀਰ ਸਿੰਘ ਮਨੈਲੀ, ਰਣਜੀਤ ਸਿੰਘ ਤਰਖਾਣ ਮਾਜਰਾ, ਰਵਿੰਦਰ ਸਿੰਘ ਮਨੈਲਾ, ਮੇਜਰ ਸਿੰਘ ਭੜੀ, ਜਗਤਾਰ ਸਿੰਘ ਮਹੇਸ਼ਪੁਰਾ, ਬਾਬਾ ਕੁਲਵਿੰਦਰ ਸਿੰਘ ਚਮਕੌਰ ਸਾਹਿਬ ਚੌਂਤਾ, ਜਥੇਦਾਰ ਹਰਦੇਵ ਸਿੰਘ, ਜਥੇਦਾਰ ਬਾਬਾ ਕੁਲਵਿੰਦਰ ਸਿੰਘ ਚਮਕੌਰ ਸਾਹਿਬ ਚੌਂਤਾ, ਹਰਦੇਵ ਸਿੰਘ, ਰਜਿੰਦਰ ਸਿੰਘ, ਦਿਲਬਾਗ ਸਿੰਘ, ਸ਼ੇਰ ਸਿੰਘ, ਜਸਵੰਤ ਸਿੰਘ ਸਿੱਧੂਪੁਰ, ਗੁਰਪ੍ਰੀਤ ਸਿੰਘ ਮੋਹਣ ਮਾਜਰਾ, ਨਿਹੰਗ ਸਿੰਘ ਤੇ ਹੋਰ ਹਾਜ਼ਰ ਸਨ। ਪਰਵਿੰਦਰ ਸਿੰਘ ਝੋਟੇ ਦੇ ਕਤਲ ਵਿਰੁੱਧ ਅਮਲੋਹ ’ਚ ਰੋਸ ਪ੍ਰਦਰਸ਼ਨ ਪੰਜਾਬ ਬੰਦ ਦੇ ਸੱਦੇ ਨੂੰ ਮਿਲਿਆ ਭਰਵਾਂ ਹੁੰਗਾਰਾ, ਬਾਜ਼ਾਰ ਰਹੇ ਮੁਕੰਮਲ ਬੰਦ: ਅਮਲੋਹ, (ਹਰਪ੍ਰੀਤ ਸਿੰਘ ਗਿੱਲ)-ਪਰਵਿੰਦਰ ਸਿੰਘ ਝੋਟੇ ਦੇ ਕਤਲ ਦੇ ਵਿਰੋਧ ਵਿਚ ਵੱਖ-ਵੱਖ ਜਥੇਬੰਦੀਆਂ ਵਲੋਂ ਦਿੱਤੇ ਪੰਜਾਬ ਬੰਦ ਦੇ ਸੱਦੇ ਨੂੰ ਅਮਲੋਹ ਵਿਚ ਭਰਵਾਂ ਹੁੰਗਾਰਾ ਮਿਲਿਆ। ਇਸ ਸੱਦੇ ਤਹਿਤ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਤੇ ਕਾਰਕੁਨਾਂ ਨੇ ਸ਼ਹਿਰ ਵਿਚ ਰੋਸ ਮਾਰਚ ਕੱਢਿਆ ਅਤੇ ਬਾਅਦ ਵਿਚ ਢੋਲਾਂ ਵਾਲੇ ਚੌਕ ਵਿਚ ਧਰਨਾ ਲਗਾ ਕੇ ਪੂਰੀ ਸੜਕ ਰੋਕ ਲਈ। ਅੱਜ ਦੇ ਇਸ ਸੱਦੇ ਕਾਰਨ ਕੁਝ ਇੱਕਾ-ਦੁੱਕਾ ਦੁਕਾਨਾਂ ਨੂੰ ਛੱਡ ਕੇ ਲਗਭਗ ਸਮੁੱਚਾ ਬਾਜ਼ਾਰ ਬੰਦ ਰਿਹਾ ਅਤੇ ਵਿਸ਼ੇਸ਼ ਤੌਰ ਤੇ ਪਹਿਲੀ ਵਾਰ ਸ਼ਹਿਰ ਦੇ ਸਾਰੇ ਮੈਡੀਕਲ ਸਟੋਰ ਵੀ ਬੰਦ ਰਹੇ। ਧਰਨੇ ਦੌਰਾਨ ਬੁਲਾਰਿਆਂ ਨੇ ਪਰਵਿੰੰਦਰ ਸਿੰਘ ਝੋਟੇ ਦੇ ਕਤਲ ਦੀ ਨਿੰਦਾ ਕਰਦਿਆਂ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ। ਧਰਨਾਕਾਰੀਆਂ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਕਾਰਨ ਲੋਕਾਂ ਵਿਚ ਡਰ ਤੇ ਰੋਸ ਦਾ ਮਾਹੌਲ ਬਣਿਆ ਹੋਇਆ ਹੈ। ਉਨ੍ਹਾਂ ਨੇ ਇਸ ਮਾਮਲੇ ਦੀ ਸੀ.ਬੀ.ਆਈ ਤੋਂ ਜਾਂਚ ਕਰਵਾ ਕੇ ਸਾਰੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਦੀ ਮੰਗ ਕੀਤੀ। ਸ਼ੁਰੂਆਤ ਵਿਚ ਰੋਸ ਪ੍ਰਦਰਸ਼ਨ ਵਿਚ ਇਕ ਪ੍ਰਮੁੱਖ ਕਿਸਾਨ ਜਥੇਬੰਦੀ ਦੇ ਨੁਮਾਇੰਦੇ ਵੀ ਸ਼ਾਮਲ ਹੋਏ, ਪਰ ਜਦੋਂ ਪ੍ਰਦਰਸ਼ਨਕਾਰੀਆਂ ਵਲੋਂ ਸੜਕ ਪੂਰੀ ਤਰ੍ਹਾਂ ਜਾਮ ਕਰ ਦਿੱਤੀ ਗਈ ਤਾਂ ਉਕਤ ਕਿਸਾਨ ਜਥੇਬੰਦੀ ਦੇ ਨੁਮਾਇੰਦੇ ਧਰਨਾ ਛੱਡ ਕੇ ਚਲੇ ਗਏ। ਇਸ ਕਾਰਨ ਧਰਨੇ ਵਿਚ ਸ਼ਾਮਲ ਲੋਕਾਂ ਦੀ ਗਿਣਤੀ ਘੱਟ ਗਈ, ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨੇ ਧਰਨਾ ਚੁਕਵਾਉਣ ਅਤੇ ਆਵਾਜਾਈ ਬਹਾਲ ਕਰਵਾਉਣ ਦੀ ਕੋਸ਼ਿਸ਼ ਤਹਿਤ ਧਰਨਾਕਾਰੀਆਂ ਦੇ ਬਿਲਕੁਲ ਨਾਲ ਬੈਰੀਕੇਡ ਲਗਾ ਕੇ ਅੰਸ਼ਿਕ ਤੌਰ ਤੇ ਆਵਾਜਾਈ ਬਹਾਲ ਕਰਵਾ ਦਿੱਤੀ, ਪਰ ਇਸ ਨਾਲ ਪੁਲਿਸ ਅਤੇ ਧਰਨਾਕਾਰੀਆਂ ਵਿਚਕਾਰ ਤਲਖ਼ ਕਲਾਮੀ ਸ਼ੁਰੂ ਹੋ ਗਈ ਜਿਸ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਨੇ ਬੈਰੀਕੇਡ ਹਟਾ ਕੇ ਮੁੜ ਇਕ ਪਾਸੇ ਤੋਂ ਪੂਰੀ ਸੜਕ ਮੱਲ ਲਈ, ਜਿਸ ਕਾਰਨ ਨਾਭਾ ਸਾਈਡ ਤੋਂ ਆਉਣ ਵਾਲੀ ਸੜਕ ਪੂਰੀ ਤਰ੍ਹਾਂ ਬੰਦ ਹੋ ਗਈ, ਜੋ ਸਹੀ ਪੰਜ ਵਜੇ ਤੱਕ ਬੰਦ ਰਹੀ ਅਤੇ ਪੁਲਿਸ ਨੂੰ ਇਹ ਆਵਾਜਾਈ ਹੋਰਨਾਂ ਰਸਤਿਆਂ ਨੂੰ ਤਬਦੀਲ ਕਰਨੀ ਪਈ। ਪ੍ਰਦਰਸ਼ਨ ਦੌਰਾਨ ਮਾਹੌਲ ਤਣਾਅਪੂਰਨ ਰਹਿਣ ਦੇ ਬਾਵਜੂਦ ਕੋਈ ਵੀ ਅਣਸੁਖਾਵੀਂ ਘਟਨਾ ਨਹੀਂ ਵਾਪਰੀ। ਸਰਹਿੰਦ-ਫ਼ਤਹਿਗੜ੍ਹ ਸਾਹਿਬ ’ਚ ਪੰਜਾਬ ਬੰਦ ਦੀ ਕਾਲ ਨੂੰ ਮਿਲਿਆ ਪੂਰਨ ਸਮਰਥਨ ਫ਼ਤਹਿਗੜ੍ਹ ਸਾਹਿਬ, (ਮਨਪ੍ਰੀਤ ਸਿੰਘ)- ਮਾਨਸਾ ਵਿਖੇ ਪਰਵਿੰਦਰ ਸਿੰਘ ਝੋਟਾ ਦੇ ਕਤਲ ਮਾਮਲੇ ਵਿਚ ਪੰਜਾਬ ਬੰਦ ਦੇ ਦਿੱਤੇ ਗਏ, ਸੱਦੇ ਨੂੰ ਸਰਹਿੰਦ ਵਿਖੇ ਲੋਕਾਂ ਨੇ ਆਪ ਮੁਹਾਰੇ ਪੂਰਨ ਸਮਰਥਨ ਦਿੱਤਾ ਅਤੇ ਸਵੇਰੇ 7 ਵਜੇ ਤੋਂ ਹੀ ਬੰਦ ਦਾ ਅਸਰ ਦਿੱਖਣਾ ਸ਼ੁਰੂ ਹੋ ਗਿਆ। ਫ਼ਤਹਿਗੜ੍ਹ ਸਾਹਿਬ ਦੇ ਜੀ. ਟੀ ਰੋਡ ਬਾੜਾ ਸਰਹਿੰਦ, ਸਰਹਿੰਦ ਮੰਡੀ ਅਤੇ ਸਰਹਿੰਦ ਸ਼ਹਿਰ ਵਿਖੇ ਇਸ ਦਾ ਅਸਰ ਦੇਖਣ ਨੂੰ ਮਿਲਿਆ ਅਤੇ ਦੁਕਾਨਾਂ ਪੂਰਨ ਤੌਰ ਤੇ ਬੰਦ ਰਹੀਆਂ। ਪਿੰਡਾਂ ਵਾਲੀਆਂ ਕਈ ਸੜਕਾਂ ਉੱਤੇ ਜਾਮ ਦੇਖਣ ਨੂੰ ਮਿਲਿਆ ਪ੍ਰੰਤੂ ਨੈਸ਼ਨਲ ਹਾਈਵੇ ਉੱਤੇ ਕਿਸੇ ਤਰ੍ਹਾਂ ਦੀ ਰੁਕਾਵਟ ਨਾ ਹੋਣ ਕਾਰਨ ਸਰਕਾਰੀ ਅਤੇ ਪ੍ਰਾਈਵੇਟ ਬੱਸਾਂ ਚੱਲਦੀਆਂ ਰਹੀਆਂ। ਬੰਦ ਦੇ ਇਸ ਸੱਦੇ ਦੌਰਾਨ ਬੇਸ਼ੱਕ ਮੈਡੀਕਲ ਸਟੋਰ ਅਤੇ ਹਸਪਤਾਲਾਂ ਨੂੰ ਰਾਹਤ ਦਿੱਤੀ ਗਈ ਸੀ ਪ੍ਰੰਤੂ ਕੈਮਿਸਟ ਐਸੋਸੀਏਸ਼ਨ ਸਰਹਿੰਦ ਵਲੋਂ ਇਸ ਦਾ ਪੂਰਨ ਸਮਰਥਨ ਦਿੱਤਾ ਗਿਆ। ਉਨ੍ਹਾਂ ਵਲੋਂ ਸਵੇਰ ਤੋਂ ਦੁਪਹਿਰ ਇਕ ਵਜੇ ਤੱਕ ਮੈਡੀਕਲ ਸਟੋਰ ਬੰਦ ਰੱਖੇ ਗਏ। ਕੈਮਿਸਟ ਐਸੋਸੀਏਸ਼ਨ ਸਰਹਿੰਦ ਦੇ ਪ੍ਰਧਾਨ ਮਨਜੀਤ ਸਿੰਘ ਢੀਂਡਸਾ ਨੇ ਮੈਡੀਕਲ ਸਟੋਰ ਮਾਲਕਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਪੰਜਾਬ ਬੰਦ ਦੀ ਕਾਲ ਨੂੰ ਆਪ ਮੁਹਾਰੇ ਸਮਰਥਨ ਦਿੱਤਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਕੋਈ ਵਿਅਕਤੀ ਮੈਡੀਕਲ ਨਸ਼ਾ ਵੇਚਦਾ ਹੈ ਤਾਂ ਐਸੋਸੀਏਸ਼ਨ ਵਲੋਂ ਉਸ ਦਾ ਕੋਈ ਸਾਥ ਨਹੀਂ ਦਿੱਤਾ ਜਾਵੇਗਾ। ਇਸ ਮੌਕੇ ਸਰਹਿੰਦ ਦੇ ਸੈਕਟਰੀ ਅੰਕੁਸ਼, ਵਿਸ਼ਾਲ, ਕਾਂਸਲ ਅਗਰਵਾਲ, ਗੁਰਦੀਪ ਸਿੰਘ ਟਿਵਾਣਾ, ਜੋਗੇਸ਼ ਆਦਿ ਵੀ ਹਾਜ਼ਰ ਸਨ। ਪਰਵਿੰਦਰ ਸਿੰਘ ਝੋਟਾ ਦੇ ਕਤਲ ਦੇ ਵਿਰੋਧ ’ਚ ਬਸੀ ਪਠਾਣਾਂ ਰਿਹਾ ਮੁਕੰਮਲ ਬੰਦ ਧਰਨਾਕਾਰੀਆਂ ਨੇ ਬੱਸ ਸਟੈਂਡ ’ਤੇ ਧਰਨਾ ਦੇ ਕੇ ਮੁੱਖ ਸੜਕ ਕੀਤੀ ਜਾਮ, ਪੁਲਿਸ ਨੇ ਸਰਕਾਰ ਦੇ ਫਲੈਕਸ ਉਤਾਰਨ ਦੀ ਕੋਸ਼ਿਸ਼ ਕੀਤੀ ਨਾਕਾਮ: ਬਸੀ ਪਠਾਣਾਂ, (ਰਾਜਿੰਦਰ ਸ਼ਰਮਾ, ਐਚ. ਐਸ. ਗੌਤਮ)- ਐਂਟੀ ਡਰੱਗ ਟਾਸਕ ਫੋਰਸ ਦੇ ਸੰਚਾਲਕ ਤੇ ਸਮਾਜ ਸੇਵਕ ਪਰਵਿੰਦਰ ਸਿੰਘ ਝੋਟਾ ਦੇ ਕਤਲ ਦੇ ਵਿਰੋਧ ਵਿਚ ਅੱਜ ਬਸੀ ਪਠਾਣਾਂ ਦੇ ਬਾਜ਼ਾਰ ਮੁਕੰਮਲ ਤੌਰ ’ਤੇ ਬੰਦ ਰਹੇ। ਇਸ ਘਟਨਾ ਦੇ ਵਿਰੋਧ ਵਿਚ ਸ਼ਹਿਰ ਦੇ ਵੱਖ-ਵੱਖ ਵਰਗਾਂ ਦੇ ਲੋਕਾਂ ਨੇ ਇੱਕਜੁੱਟਤਾ ਦਿਖਾਉਂਦਿਆਂ ਆਪਣਾ ਰੋਸ ਪ੍ਰਗਟ ਕੀਤਾ। ਬੰਦ ਨੂੰ ਸਰਾਫ਼ਾ ਕਾਰੋਬਾਰੀਆਂ, ਆਮ ਦੁਕਾਨਦਾਰਾਂ, ਢਾਬਾ ਮਾਲਕਾਂ ਅਤੇ ਕੈਮਿਸਟ ਐਸੋਸੀਏਸ਼ਨ ਵਲੋਂ ਵੀ ਪੂਰਨ ਸਮਰਥਨ ਦਿੱਤਾ ਗਿਆ, ਜਿਸ ਕਾਰਨ ਸ਼ਹਿਰ ਦੇ ਕਾਰੋਬਾਰ ਮੁਕੰਮਲ ਤੌਰ ਤੇ ਠੱਪ ਰਹੇ। ਸਿੱਖ ਜਥੇਬੰਦੀਆਂ ਦੇ ਆਗੂਆਂ ਸਮੇਤ ਵੱਖ-ਵੱਖ ਰਾਜਨੀਤਕ ਪਾਰਟੀਆਂ ਦੇ ਆਗੂਆਂ ’ਚ ਸ਼ਾਮਿਲ ਪੰਥਕ ਆਗੂ ਤੇ ਸਾਬਕਾ ਚੇਅਰਮੈਨ ਲਖਬੀਰ ਸਿੰਘ ਥਾਬਲ, ਅਕਾਲੀ ਆਗੂ ਸਵਰਨ ਸਿੰਘ ਮੁਸਤਫਾਵਾਦ ਸਮੇਤ ਵੱਡੀ ਗਿਣਤੀ ’ਚ ਵੱਖ-ਵੱਖ ਪਾਰਟੀਆਂ ਦੇ ਆਗੂਆਂ ਅਤੇ ਵਰਕਰਾਂ ਨੇ ਬਸ ਸਟੈਂਡ ਵਿਖੇ ਧਰਨਾ ਦੇ ਕੇ ਰੋਸ ਪ੍ਰਦਰਸ਼ਨ ਕਰਕੇ ਸੂਬਾ ਸਰਕਾਰ ਵਿਰੁੱਧ ਤਿੱਖੀ ਨਾਅਰੇਬਾਜ਼ੀ ਕੀਤੀ ਅਤੇ ਮੁੱਖ ਸੜਕ ਜਾਮ ਕਰ ਦਿੱਤੀ। ਲਖਬੀਰ ਸਿੰਘ ਥਾਬਲ ਨੇ ਕਿਹਾ ਕਿ ਪਰਵਿੰਦਰ ਸਿੰਘ ਝੋਟਾ ਦੇ ਕਤਲ ਦੀ ਘਟਨਾ ਨੇ ਪੰਜਾਬ ਦੀ ਕਾਨੂੰਨ ਵਿਵਸਥਾ ਅਤੇ ਆਮ ਨਾਗਰਿਕਾਂ ਦੀ ਸੁਰੱਖਿਆ ਨੂੰ ਲੈ ਕੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਾਨੂੰਨ ਵਿਵਸਥਾ ਸਿਰਫ਼ ਸਰਕਾਰੀ ਬਿਆਨਾਂ ਅਤੇ ਦਾਅਵਿਆਂ ਨਾਲ ਨਹੀਂ, ਸਗੋਂ ਲੋਕਾਂ ਦੀ ਸੁਰੱਖਿਆ ਅਤੇ ਅਪਰਾਧੀਆਂ ਵਿਰੁੱਧ ਪ੍ਰਭਾਵਸ਼ਾਲੀ ਕਾਰਵਾਈ ਨਾਲ ਸਾਬਤ ਹੁੰਦੀ ਹੈ ਅਤੇ ਜੇਕਰ ਨਸ਼ਿਆਂ ਵਿਰੁੱਧ ਆਵਾਜ਼ ਬੁਲੰਦ ਕਰਨ ਵਾਲੇ ਸਮਾਜ ਸੇਵਕ ਵੀ ਸੁਰੱਖਿਅਤ ਮਹਿਸੂਸ ਨਹੀਂ ਕਰਦੇ ਤਾਂ ਇਹ ਸੂਬੇ ਦੀ ਸੁਰੱਖਿਆ ਵਿਵਸਥਾ ਲਈ ਚਿੰਤਾਜਨਕ ਸਥਿਤੀ ਹੈ ਅਤੇ ਨਸ਼ਿਆਂ ਦੇ ਖ਼ਾਤਮੇ ਦੇ ਦਾਅਵਿਆਂ ਦਰਮਿਆਨ ਅਜਿਹੀ ਘਟਨਾ ਨੇ ਸਰਕਾਰ ਦੀ ਜਵਾਬਦੇਹੀ ਨੂੰ ਮੁੜ ਚਰਚਾ ਵਿਚ ਲਿਆ ਦਿੱਤਾ ਹੈ। ਧਰਨੇ ਪ੍ਰਦਰਸ਼ਨ ਦੌਰਾਨ ਸਥਿਤੀ ਉਸ ਸਮੇਂ ਤਣਾਅ ਪੂਰਨ ਹੋ ਗਈ ਜਦੋਂ ਬੱਸ ਸਟੈਂਡ ’ਤੇ ਸੂਬਾ ਸਰਕਾਰ ਦੀ ਕਾਰਗੁਜ਼ਾਰੀ ਸਬੰਧੀ ਲੱਗੇ ਫਲੈਕਸ ਨੂੰ ਪ੍ਰਦਰਸ਼ਨਕਾਰੀਆਂ ਵਲੋਂ ਉਤਾਰਨ ਦੀ ਕੋਸ਼ਿਸ਼ ਕੀਤੀ ਗਈ। ਐਸ.ਐਚ.ਓ.ਬਲਬੀਰ ਸਿੰਘ ਵਲੋਂ ਧਰਨਾਕਾਰੀਆਂ ਨੂੰ ਅਜਿਹਾ ਕਰਨ ਤੋਂ ਰੋਕਿਆ ਗਿਆ ਅਤੇ ਸਮਝਾ ਬੁਝਾ ਕੇ ਮਾਮਲਾ ਸ਼ਾਂਤ ਕਰ ਦਿੱਤਾ ਗਿਆ। ਬਸੀ ਪਠਾਣਾਂ ਪੁਲਿਸ ਵਲੋਂ ਐਸ.ਐਚ.ਓ.ਬਲਬੀਰ ਸਿੰਘ ਅਤੇ ਚੌਕੀ ਇੰਚਾਰਜ ਕਮਲਜੀਤ ਸਿੰਘ ਵਲੋਂ ਪੁਲਿਸ ਮੁਲਾਜ਼ਮਾਂ ਨਾਲ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਸਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕੁਲਵਿੰਦਰ ਸਿੰਘ, ਮਨਦੀਪ ਸਿੰਘ, ਕਰਮਜੀਤ ਸਿੰਘ, ਅਮਰ ਸਿੰਘ, ਤਾਰਾ ਸਿੰਘ, ਅਵਤਾਰ ਸਿੰਘ, ਗੁਰਮੁਖ ਸਿੰਘ, ਮਨਜੀਤ ਸਿੰਘ, ਮਨਜਿੰਦਰ ਸਿੰਘ, ਮਨਵੀਰ ਸਿੰਘ ਸਮੇਤ ਵੱਡੀ ਗਿਣਤੀ ’ਚ ਪ੍ਰਦਰਸ਼ਨਕਾਰੀ ਮੌਜੂਦ ਸਨ। ਫ਼ਤਹਿਗੜ੍ਹ ਸਾਹਿਬ, (ਮਨਪ੍ਰੀਤ ਸਿੰਘ)- ਦੀ ਹਿਊਮਨ ਰਾਈਟਸ ਐਂਡ ਐਂਟੀ ਕਰੱਪਸ਼ਨ ਫ਼ਰੰਟ ਪੰਜਾਬ ਦੇ ਸੂਬਾ ਪ੍ਰਧਾਨ ਡਾ: ਐਮ. ਐਸ. ਰੋਹਟਾ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ, ਜਿਸ ਨੂੰ ਸੰਬੋਧਨ ਕਰਦਿਆਂ ਡਾ. ਰੋਹਟਾ ਨੇ ਮਾਨਸਾ ਵਿਖੇ ਪਿਛਲੇ ਦਿਨੀਂ ਨਸ਼ਾ ਵਿਰੋਧੀ ਸਮਾਜ ਸੇਵਕ ਪਰਵਿੰਦਰ ਸਿੰਘ ਝੋਟਾ ਦੇ ਕਤਲ ਅਤੇ ਇਸੇ ਵਾਰਦਾਤ ਮੌਕੇ ਉਨ੍ਹਾਂ ਦੇ ਸਾਥੀਆਂ ਦੇ ਗੰਭੀਰ ਰੂਪ ਵਿਚ ਜ਼ਖਮੀ ਹੋਣ ਦੀ ਘਟਨਾ ਤੇ ਡੂੰਘੇ ਦੁੱਖ ਤੇ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਫ਼ਰੰਟ ਇਸ ਦੁੱਖ ਭਰੀ ਘਟਨਾ ਦੀ ਪੁਰਜ਼ੋਰ ਨਿੰਦਾ ਕਰਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਨਸ਼ਿਆਂ ਦੀ ਸਮੱਸਿਆ ਨੂੰ ਜੜ੍ਹੋਂ ਖ਼ਤਮ ਕਰਨ ਲਈ ਸਰਕਾਰ ਦੇ ਨਾਲ-ਨਾਲ ਸਮਾਜ ਦੇ ਹਰ ਵਰਗ ਦਾ ਸਹਿਯੋਗ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਚਲਾਏ ਜਾ ਰਹੇ ਯੁੱਧ ਨਸ਼ਿਆਂ ਵਿਰੁੱਧ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਸਮਾਜ ਸੇਵਕ ਅਹਿਮ ਭੂਮਿਕਾ ਨਿਭਾ ਸਕਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਨਸ਼ਿਆਂ ਵਿਰੁੱਧ ਆਵਾਜ਼ ਉਠਾਉਣ ਵਾਲੇ ਸਮਾਜ ਸੇਵਕਾਂ ਨੂੰ ਧਮਕੀਆਂ ਜਾਂ ਹਮਲਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਤਾਂ ਇਸ ਨਾਲ ਸਮਾਜ ਵਿਚ ਕੰਮ ਕਰਨ ਵਾਲੇ ਹੋਰ ਲੋਕਾਂ ਦੇ ਮਨਾਂ ਵਿਚ ਵੀ ਡਰ ਪੈਦਾ ਹੋ ਸਕਦਾ ਹੈ। ਇਸ ਲਈ ਪੁਲਿਸ ਪ੍ਰਸ਼ਾਸਨ ਨੂੰ ਅਜਿਹੀਆਂ ਸ਼ਿਕਾਇਤਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ ਅਤੇ ਖ਼ਤਰੇ ਦਾ ਸਾਹਮਣਾ ਕਰ ਰਹੇ ਸਮਾਜ ਸੇਵਕਾਂ ਨੂੰ ਲੋੜ ਅਨੁਸਾਰ ਸੁਰੱਖਿਆ ਮੁਹੱਈਆ ਕਰਵਾਉਣੀ ਚਾਹੀਦੀ ਹੈ। ਇਸ ਮੌਕੇ ਫ਼ਰੰਟ ਦੇ ਚੇਅਰਮੈਨ ਵੈਦ ਧਰਮ ਸਿੰਘ ਸੈਣੀ, ਜਨਰਲ ਸਕੱਤਰ ਗੁਰਸੇਵਕ ਸਿੰਘ ਜਮੀਤਗੜ੍ਹ, ਡਿਪਟੀ ਚੇਅਰਮੈਨ ਪੰਕਜ ਗੁਪਤਾ, ਚੀਫ਼ ਮੀਡੀਆ ਕੰਟਰੋਲਰ ਜਸਵਿੰਦਰ ਸਿੰਘ ਲਾਲੀ, ਡਾ. ਕੁਲਦੀਪ ਸਿੰਘ ਮੁੱਲਾਂਪੁਰ ਜਨਰਲ ਸਕੱਤਰ ਮੈਡੀਕਲ ਵਿੰਗ ਅਤੇ ਹਰਸ਼ ਗੁਪਤਾ ਵਿਦਿਆਰਥੀ ਆਗੂ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਅਜੈਬ ਸਿੰਘ ਚੰਡਿਆਲਾ ਭਾਜਪਾ ’ਚ ਹੋਏ ਸ਼ਾਮਿਲ ਅਗਲੀ ਖ਼ਬਰ ਕੈਮਿਸਟ ਐਸੋਸੀਏਸ਼ਨ ਖਮਾਣੋਂ ਵਲੋਂ ਪੰਜਾਬ ਬੰਦ ਦਾ ਸਮਰਥਨ
Ad Position 24