ਮਾਤਾ ਗੁਜਰੀ ਕਾਲਜ ਦੇ ਖੇਤੀਬਾੜੀ ਵਿਭਾਗ ਵਲੋਂ ਵਿੱਦਿਅਕ ਦੌਰਾ
ਫ਼ਤਹਿਗੜ੍ਹ ਸਾਹਿਬ, 10 ਅਕਤੂਬਰ (ਬਲਜਿੰਦਰ ਸਿੰਘ)-ਮਾਤਾ ਗੁਜਰੀ ਕਾਲਜ ਦੇ ਬੀ. ਐਸ.
ਫ਼ਤਹਿਗੜ੍ਹ ਸਾਹਿਬ, 10 ਅਕਤੂਬਰ (ਬਲਜਿੰਦਰ ਸਿੰਘ)-ਮਾਤਾ ਗੁਜਰੀ ਕਾਲਜ ਦੇ ਬੀ.ਐਸ.ਸੀ. ਐਗਰੀਕਲਚਰ ਆਨਰਜ਼ ਦੇ ਵਿਦਿਆਰਥੀਆਂ ਵਲੋਂ ‘ਰੂਰਲ ਐਗਰੀਕਲਚਰਲ ਵਰਕ ਐਕਸਪੀਰੀਐਂਸ’ ਪ੍ਰੋਗਰਾਮ ਤਹਿਤ ਪਿੰਡ ਭੈਰੋਂਪੁਰ ਵਿਖੇ ਤਜਿੰਦਰ ਸਿੰਘ ਦੇ ਡੇਅਰੀ ਫਾਰਮ ਦਾ ਵਿਸ਼ੇਸ਼ ਦੌਰਾ ਕੀਤਾ ਗਿਆ। ਇਸ ਦੌਰੇ ਦਾ ਮੁੱਖ ਮਕਸਦ ਵਿਦਿਆਰਥੀਆਂ ਨੂੰ ਡੇਅਰੀ ਫਾਰਮਿੰਗ ਅਤੇ ਪਸ਼ੂ ਪਾਲਣ ਪ੍ਰਬੰਧਨ ਸੰਬੰਧੀ ਨਵੀਨਤਮ ਤਕਨੀਕਾਂ ਬਾਰੇ ਜਾਣਕਾਰੀ ਪ੍ਰਦਾਨ ਕਰਨਾ ਸੀ। ਇਸ ਦੌਰਾਨ ਤਜਿੰਦਰ ਸਿੰਘ ਨੇ ਵਿਦਿਆਰਥੀਆਂ ਨਾਲ ਡੇਅਰੀ ਫਾਰਮ ਦੇ ਸੰਚਾਲਨ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਹ ਫਾਰਮ ਸਾਲ 1992 ਵਿਚ ਸਥਾਪਿਤ ਹੋਇਆ ਸੀ ਅਤੇ ਟਿਕਾਊ ਡੇਅਰੀ ਫਾਰਮਿੰਗ ਨੂੰ ਉਤਸ਼ਾਹਿਤ ਕਰ ਰਿਹਾ ਹੈ। ਇਸ ਦੇ ਨਾਲ ਹੀ ਵਿਦਿਆਰਥੀਆਂ ਨੂੰ ਹੋਲਸਟੀਨ ਫ੍ਰੀਜ਼ੀਅਨ ਗਾਵਾਂ ਤੇ ਮੋਰਾ ਮੱਝਾਂ ਦੀਆਂ ਵਿਸ਼ੇਸ਼ਤਾਵਾਂ, ਦੁੱਧ ਉਤਪਾਦਨ ਸਮਰੱਥਾ ਅਤੇ ਖੁਰਾਕੀ ਲੋੜਾਂ ਬਾਰੇ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੇ ਪਸ਼ੂਆਂ ਦੀ ਖ਼ੁਰਾਕ, ਸਿਹਤ ਸੰਭਾਲ, ਦੁੱਧ ਚੋਣ ਦੇ ਸਾਫ਼-ਸੁਥਰੇ ਤਰੀਕਿਆਂ ਅਤੇ ਸ਼ੈੱਡਾਂ ਦੀ ਸਾਂਭ-ਸੰਭਾਲ ਬਾਰੇ ਵੀ ਜਾਣਿਆ। ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਬਾਇਓਗੈਸ ਪਲਾਂਟ ਦੀ ਕਾਰਜਪ੍ਰਣਾਲੀ ਅਤੇ ਊਰਜਾ ਉਤਪਾਦਨ ਵਿਚ ਇਸ ਦੀ ਭੂਮਿਕਾ ਬਾਰੇ ਜਾਣਕਾਰੀ ਦਿੱਤੀ ਗਈ। ਖੇਤੀਬਾੜੀ ਵਿਭਾਗ ਦੇ ਮੁਖੀ ਡਾ. ਸੰਤੋਸ਼ ਕੁਮਾਰ ਨੇ ‘ਰਾਵੇ’ ਪ੍ਰੋਗਰਾਮ ਤਹਿਤ ਕਰਵਾਏ ਜਾਂਦੇ ਖੇਤਰੀ ਦੌਰਿਆਂ ਦੀ ਮਹੱਤਤਾ ਬਾਰੇ ਦੱਸਦਿਆਂ ਕਿਹਾ ਕਿ ਕਿਸਾਨਾਂ ਨਾਲ ਸਿੱਧੇ ਸੰਵਾਦ ਰਾਹੀਂ ਵਿਦਿਆਰਥੀ ਪਸ਼ੂਆਂ ਦੀਆਂ ਨਸਲਾਂ ਦੀ ਚੋਣ, ਵਿਗਿਆਨਕ ਪਸ਼ੂ ਪਾਲਣ, ਖੁਰਾਕੀ ਪ੍ਰਬੰਧਨ ਅਤੇ ਇਸ ਨਾਲ ਜੁੜੇ ਆਰਥਿਕ ਪਹਿਲੂਆਂ ਬਾਰੇ ਵਿਹਾਰਕ ਜਾਣਕਾਰੀ ਹਾਸਲ ਕਰ ਸਕਦੇ ਹਨ। ਇਸ ਮੌਕੇ ਖੇਤੀਬਾੜੀ ਵਿਭਾਗ ਦੇ ਡਾ. ਸੰਦੀਪ ਕੁਮਾਰ ਸਿੰਘ, ਡਾ. ਗੋਪਾਲ ਮਣੀ ਅਤੇ ਡਾ. ਸੁਮਨ ਨੇ ਵਿਦਿਆਰਥੀਆਂ ਦਾ ਮਾਰਗ ਦਰਸ਼ਨ ਕੀਤਾ।