ਯੂਨੀਵਰਸਿਟੀ ਕਾਲਜ ਚੁੰਨੀ ਕਲਾਂ ਵਿਖੇ ‘ਦਾਨ ਉਤਸਵ’ ਮਨਾਇਆ
ਫ਼ਤਹਿਗੜ੍ਹ ਸਾਹਿਬ, 8 ਅਕਤੂਬਰ (ਬਲਜਿੰਦਰ ਸਿੰਘ)- ਯੂਨੀਵਰਸਿਟੀ ਕਾਲਜ ਚੁੰਨੀ ਕਲਾਂ ਦੇ ਐੱਨ. ਐੱਸ.
ਫ਼ਤਹਿਗੜ੍ਹ ਸਾਹਿਬ, 8 ਅਕਤੂਬਰ (ਬਲਜਿੰਦਰ ਸਿੰਘ)- ਯੂਨੀਵਰਸਿਟੀ ਕਾਲਜ ਚੁੰਨੀ ਕਲਾਂ ਦੇ ਐੱਨ. ਐੱਸ. ਐੱਸ. ਵਿਭਾਗ ਅਤੇ ਰੈੱਡ ਕਰਾਸ ਸੈੱਲ ਵਲੋਂ ‘ਦਾਨ ਉਤਸਵ’ ਮਨਾਇਆ ਗਿਆ। ਇਹ ਵਿਸ਼ੇਸ਼ ਪਹਿਲਕਦਮੀ ਐੱਨ.ਐੱਸ.ਐੱਸ. ਪ੍ਰੋਗਰਾਮ ਅਫ਼ਸਰ ਡਾ. ਨਵਜੋਤ ਕੌਰ, ਏ.ਪੀ. ਅਮਨ ਸ਼ਰਮਾ ਅਤੇ ਰੈੱਡ ਕਰਾਸ ਕੋਆਰਡੀਨੇਟਰ ਡਾ. ਰੂਪ ਕਮਲ ਕੌਰ ਦੇ ਸਾਂਝੇ ਉਪਰਾਲੇ ਹੇਠ ਕਰਵਾਈ ਗਈ। ‘ਦਾਨ ਉਤਸਵ’ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿਚ ਦਾਨ, ਸੇਵਾ, ਸਹਿਯੋਗ, ਮਨੁੱਖਤਾ ਅਤੇ ਸਮਾਜਿਕ ਜ਼ਿੰਮੇਵਾਰੀ ਦੀ ਭਾਵਨਾ ਨੂੰ ਮਜ਼ਬੂਤ ਕਰਨਾ ਸੀ। ਇਸ ਮੁਹਿੰਮ ਦੌਰਾਨ ਕਾਲਜ ਦੇ ਵਿਦਿਆਰਥੀਆਂ, ਅਧਿਆਪਕਾਂ, ਐੱਨ.ਐੱਸ.ਐੱਸ. ਵਲੰਟੀਅਰਾਂ ਅਤੇ ਰੈੱਡ ਕਰਾਸ ਸੈੱਲ ਦੇ ਮੈਂਬਰਾਂ ਨੇ ਉਤਸ਼ਾਹ ਨਾਲ ਭਾਗ ਲੈਂਦਿਆਂ ਆਪਣੀ ਸਮਰੱਥਾ ਅਨੁਸਾਰ ਲੋੜਵੰਦਾਂ ਲਈ ਵੱਖ-ਵੱਖ ਵਸਤੂਆਂ ਅਤੇ ਸਮਗਰੀ ਦਾਨ ਕੀਤੀ। ਇਸ ਮੌਕੇ ਕਾਲਜ ਇੰਚਾਰਜ ਡਾ. ਜਸਵਿੰਦਰ ਕੌਰ ਦੇ ਮਾਰਗ ਦਰਸ਼ਨ ਹੇਠ ਇਸ ਸਮਾਜਿਕ ਉਪਰਾਲੇ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਿਆ ਗਿਆ। ਡਾ. ਨਵਜੋਤ ਕੌਰ ਨੇ ਕਿਹਾ ਕਿ ਦਾਨ ਸਿਰਫ਼ ਧਨ ਦੇਣ ਤੱਕ ਸੀਮਤ ਨਹੀਂ ਹੈ, ਸਗੋਂ ਕਿਸੇ ਲੋੜਵੰਦ ਦੀ ਮਦਦ ਕਰਨਾ, ਆਪਣਾ ਸਮਾਂ ਅਤੇ ਹੁਨਰ ਸਾਂਝਾ ਕਰਨਾ ਅਤੇ ਸਮਾਜ ਦੀ ਭਲਾਈ ਲਈ ਯੋਗਦਾਨ ਪਾਉਣਾ ਵੀ ਦਾਨ ਦਾ ਹੀ ਰੂਪ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਭਵਿੱਖ ਵਿਚ ਵੀ ਸਮਾਜ ਸੇਵਾ ਅਤੇ ਲੋਕ ਭਲਾਈ ਦੇ ਕਾਰਜਾਂ ਵਿਚ ਸਰਗਰਮ ਭੂਮਿਕਾ ਨਿਭਾਉਣ ਲਈ ਪ੍ਰੇਰਿਤ ਕੀਤਾ। ਡਾ. ਰੂਪ ਕਮਲ ਕੌਰ ਨੇ ਕਿਹਾ ਕਿ ਅਜਿਹੀਆਂ ਪਹਿਲ ਕਦਮੀਆਂ ਵਿਦਿਆਰਥੀਆਂ ਵਿਚ ਸੇਵਾ ਭਾਵਨਾ, ਸੰਵੇਦਨਸ਼ੀਲਤਾ ਅਤੇ ਸਮਾਜ ਪ੍ਰਤੀ ਜ਼ਿੰਮੇਵਾਰੀ ਪੈਦਾ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਇਸ ਮੌਕੇ ਐੱਨ.ਐੱਸ.ਐੱਸ. ਟੀਮ, ਰੈੱਡ ਕਰਾਸ ਟੀਮ ਅਤੇ ਕਾਲਜ ਦੇ ਸਟਾਫ਼ ਮੈਂਬਰ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ ਅਤੇ ਉਨ੍ਹਾਂ ਨੇ ਇਸ ਮੁੁਹਿੰਮ ਨੂੰ ਸਫਲ ਬਣਾਉਣ ਵਿਚ ਆਪਣਾ ਸਰਗਰਮ ਸਹਿਯੋਗ ਦਿੱਤਾ। ‘ਦਾਨ ਉਤਸਵ’ ਨੇ ਵਿਦਿਆਰਥੀਆਂ ਨੂੰ ਇਹ ਸੰਦੇਸ਼ ਦਿੱਤਾ ਕਿ ‘ਦਾਨ ਕਰੋ, ਸੇਵਾ ਕਰੋ ਅਤੇ ਸਮਾਜ ਨੂੰ ਬਿਹਤਰ ਬਣਾਓ’ ਇਸ ਉਪਰਾਲੇ ਨੂੰ ਕਾਲਜ ਦੇ ਵਿਦਿਆਰਥੀਆਂ ਅਤੇ ਸਟਾਫ਼ ਵਲੋਂ ਭਰਵਾਂ ਹੁੰਗਾਰਾ ਦਿੱਤਾ ਗਿਆ।