ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਖ਼ਿਲਾਫ਼ ਬਿਆਨ ਦੇਣ ਵਾਲੇ ਸੁਖਬੀਰ ਸਿੰਘ ਬਾਦਲ ਪਹਿਲਾਂ ਆਪਣੀ ਪੀੜ੍ਹੀ ਥੱਲੇ ਸੋਟਾ ਫੇਰਨ-ਜਤਿੰਦਰ ਸਿੰਘ ਰਾਜੂ
ਨਾਭਾ, 27 ਅਗਸਤ (ਜਗਨਾਰ ਸਿੰਘ ਦੁਲੱਦੀ)-ਰਿਜ਼ਰਵ ਹਲਕਾ ਨਾਭਾ ਤੋਂ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦੇ ਆਗੂ ਜਤਿੰਦਰ ਸਿੰਘ (ਰਾਜੂ) ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਆਏ ਦਿਨ ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਬਾਰੇ ਉਟਪਟਾਂਗ ਬਿਆਨ ਦਿੰਦੇ ਰਹਿੰਦੇ ਹਨ, ਉਨ੍ਹਾਂ ਨੂੰ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਬਾਰੇ ਬਿਆਨਬਾਜ਼ੀ ਕਰਨ ਤੋਂ ਪਹਿਲਾਂ ਆਪਣੇ ਰਾਜਕਾਲ ਅਤੇ ਪਾਰਟੀ ਦੀ ਕਾਰਗੁਜ਼ਾਰੀ ਵੱਲ ਵੀ ਝਾਤ ਮਾਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜਿਥੇ ਬਾਦਲ ਸਰਕਾਰ ਦੇ ਰਾਜ ਸਮੇਂ ਪੰਜਾਬ ਵਿਚ ਨਸ਼ਿਆਂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ, ਬਰਗਾੜੀ ਕਾਂਡ ਅਤੇ ਡੇਰਾਵਾਦ ਵਰਗੇ ਗੰਭੀਰ ਮਾਮਲਿਆਂ ਨੂੰ ਬਲ ਦਿੱਤਾ ਗਿਆ ਉਥੇ ਆਪਣੇ ਨਿੱਜੀ ਸਵਾਰਥਾਂ ਲਈ ਨੌਜਵਾਨਾਂ ’ਤੇ ਤਸ਼ੱਦਦ ਵੀ ਕੀਤਾ ਗਿਆ।
ਨਾਭਾ, 27 ਅਗਸਤ (ਜਗਨਾਰ ਸਿੰਘ ਦੁਲੱਦੀ)-ਰਿਜ਼ਰਵ ਹਲਕਾ ਨਾਭਾ ਤੋਂ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦੇ ਆਗੂ ਜਤਿੰਦਰ ਸਿੰਘ (ਰਾਜੂ) ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਆਏ ਦਿਨ ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਬਾਰੇ ਉਟਪਟਾਂਗ ਬਿਆਨ ਦਿੰਦੇ ਰਹਿੰਦੇ ਹਨ, ਉਨ੍ਹਾਂ ਨੂੰ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਬਾਰੇ ਬਿਆਨਬਾਜ਼ੀ ਕਰਨ ਤੋਂ ਪਹਿਲਾਂ ਆਪਣੇ ਰਾਜਕਾਲ ਅਤੇ ਪਾਰਟੀ ਦੀ ਕਾਰਗੁਜ਼ਾਰੀ ਵੱਲ ਵੀ ਝਾਤ ਮਾਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜਿਥੇ ਬਾਦਲ ਸਰਕਾਰ ਦੇ ਰਾਜ ਸਮੇਂ ਪੰਜਾਬ ਵਿਚ ਨਸ਼ਿਆਂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ, ਬਰਗਾੜੀ ਕਾਂਡ ਅਤੇ ਡੇਰਾਵਾਦ ਵਰਗੇ ਗੰਭੀਰ ਮਾਮਲਿਆਂ ਨੂੰ ਬਲ ਦਿੱਤਾ ਗਿਆ ਉਥੇ ਆਪਣੇ ਨਿੱਜੀ ਸਵਾਰਥਾਂ ਲਈ ਨੌਜਵਾਨਾਂ ’ਤੇ ਤਸ਼ੱਦਦ ਵੀ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਨਸ਼ਿਆਂ ਦੀ ਸਮੱਸਿਆ ਨੂੰ ਲੈ ਕੇ ਬਾਦਲ ਸਰਕਾਰ ਦੀ ਭੂਮਿਕਾ ’ਤੇ ਗੰਭੀਰ ਸਵਾਲ ਉੱਠਦੇ ਰਹੇ ਹਨ। ਜਤਿੰਦਰ ਸਿੰਘ ਰਾਜੂ ਨੇ ਕਿਹਾ ਕਿ ਪੰਜਾਬ ਦੀ ਨੌਜਵਾਨੀ ਅੱਜ ਵੀ ਨਸ਼ਿਆਂ ਦੀ ਸਮੱਸਿਆ ਨਾਲ ਜੂਝ ਰਹੀ ਹੈ ਅਤੇ ਇਸ ਮਸਲੇ ’ਤੇ ਸਿਆਸਤ ਕਰਨ ਦੀ ਬਜਾਏ ਸਾਰੀਆਂ ਧਿਰਾਂ ਨੂੰ ਮਿਲ ਕੇ ਭਾਈ ਅੰਮ੍ਰਿਤਪਾਲ ਸਿੰਘ ਦੀ ਪੈੜ ਵਿਚ ਪੈੜ ਰੱਖਦੇ ਹੋਏ ਠੋਸ ਹੱਲ ਲਈ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਆਪਣੇ ਪਿਛਲੇ ਫ਼ੈਸਲਿਆਂ ਅਤੇ ਇਕੱਲੀ -ਇਕੱਲੀ ਕੀਤੀ ਹੋਈ ਗਲਤੀ ਸੰਬੰਧੀ ਮਾਫ਼ੀ ਮੰਗੇ ਜਾਣ ਦੇ ਬਾਵਜੂਦ ਜੇਕਰ ਉਹ ਹੁਣ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਬਾਰੇ ਬਿਆਨਬਾਜ਼ੀ ਕਰਦੇ ਹਨ ਤਾਂ ਇਹ ਸਿਰਫ਼ ਲੋਕਾਂ ਦੇ ਵਿਚ ਚਰਚਾ ਵਿਚ ਬਣੇ ਰਹਿਣ ਦੀ ਕੋਸ਼ਿਸ਼ ਹੈ ਹੋਰ ਕੁਝ ਨਹੀਂ। ਰਾਜੂ ਨੇ ਕਿਹਾ ਕਿ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਬਾਰੇ ਵਿਰੋਧੀ ਜਿੰਨੀ ਵੀ ਬਿਆਨਬਾਜ਼ੀ ਕਰਨਗੇ, ਉਸ ਨਾਲ ਉਨ੍ਹਾਂ ਦੇ ਸਮਰਥਕਾਂ ਵਿਚ ਹੋਰ ਜੋਸ਼ ਪੈਦਾ ਹੋਵੇਗਾ। ਉਨ੍ਹਾਂ ਦਾਅਵਾ ਕੀਤਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਨੂੰ ਪੰਜਾਬ ਦੇ ਲੋਕਾਂ ਵਲੋਂ ਵੱਡਾ ਸਮਰਥਨ ਮਿਲੇਗਾ। ਉਨ੍ਹਾਂ ਅਖੀਰ ਵਿੱਚ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੂੰ ਦੂਜਿਆਂ ’ਤੇ ਟਿੱਪਣੀਆਂ ਕਰਨ ਤੋਂ ਪਹਿਲਾਂ “ਆਪਣੀ ਪੀੜ੍ਹੀ ਥੱਲੇ ਸੋਟਾ ਫੇਰਨ” ਦੀ ਕਹਾਵਤ ਅਨੁਸਾਰ ਆਪਣੀ ਪਾਰਟੀ ਦੇ ਪਿਛਲੇ ਰਿਕਾਰਡ ਅਤੇ ਫੈਸਲਿਆਂ ਬਾਰੇ ਪੰਜਾਬ ਦੀ ਜਨਤਾ ਨੂੰ ਜਵਾਬ ਦੇਣਾ ਚਾਹੀਦਾ ਹੈ।