ਰਾਜਾ ਸਾਹਿਬ ਦੀ ਬਰਸੀ ਨੂੰ ਸਮਰਪਿਤ ਰਹਿਪਾ ਵਿਖੇ ਧਾਰਮਿਕ ਦੀਵਾਨ
ਮੁਕੰਦਪੁਰ, 16 ਸਤੰਬਰ (ਅਮਰੀਕ ਸਿੰਘ ਢੀਂਡਸਾ)-ਨਾਭ ਕੰਵਲ ਰਾਜਾ ਸਾਹਿਬ ਦੁਆਰਾ ਹੱਥੀ ਰਚਾਏ ਗੁਰਦੁਆਰਾ ਤਖਤ ਨਾਭ ਕੰਵਲ ਰਾਜਾ ਸਾਹਿਬ ਪਿੰਡ ਰਹਿਪਾ ਵਿਖੇ ਸਲਾਨਾ ਬਰਸੀ ਨੂੰ ਸਮਰਪਿਤ ਸਮਾਗਮਾਂ ਦੀ ਲੜੀ ਦੌਰਾਨ ਰਾਤ ਦੇ ਧਾਰਮਿਕ ਦੀਵਾਨ ਸਜਾਏ ਗਏ। ਇਸ ਦੌਰਾਨ ਸੰਗਤਾਂ ਦਾ ਬੇਸ਼ੁਮਾਰ ਇਕੱਠ ਰਾਜਾ ਸਾਹਿਬ ਪ੍ਰਤੀ ਉਹਨਾਂ ਦੀ ਸ਼ਰਧਾ ਤੇ ਅਕੀਦਤ ਨੂੰ ਪ੍ਰਗਟਾ ਰਿਹਾ ਸੀ।
ਮੁਕੰਦਪੁਰ, 16 ਸਤੰਬਰ (ਅਮਰੀਕ ਸਿੰਘ ਢੀਂਡਸਾ)-ਨਾਭ ਕੰਵਲ ਰਾਜਾ ਸਾਹਿਬ ਦੁਆਰਾ ਹੱਥੀ ਰਚਾਏ ਗੁਰਦੁਆਰਾ ਤਖਤ ਨਾਭ ਕੰਵਲ ਰਾਜਾ ਸਾਹਿਬ ਪਿੰਡ ਰਹਿਪਾ ਵਿਖੇ ਸਲਾਨਾ ਬਰਸੀ ਨੂੰ ਸਮਰਪਿਤ ਸਮਾਗਮਾਂ ਦੀ ਲੜੀ ਦੌਰਾਨ ਰਾਤ ਦੇ ਧਾਰਮਿਕ ਦੀਵਾਨ ਸਜਾਏ ਗਏ। ਇਸ ਦੌਰਾਨ ਸੰਗਤਾਂ ਦਾ ਬੇਸ਼ੁਮਾਰ ਇਕੱਠ ਰਾਜਾ ਸਾਹਿਬ ਪ੍ਰਤੀ ਉਹਨਾਂ ਦੀ ਸ਼ਰਧਾ ਤੇ ਅਕੀਦਤ ਨੂੰ ਪ੍ਰਗਟਾ ਰਿਹਾ ਸੀ। ਨੌਜਵਾਨ ਸੇਵਾਦਾਰਾਂ ਵੱਲੋਂ ਆਈਆਂ ਸੰਗਤਾਂ ਨੁੰ ਅਥਾਹ ਸ਼ਰਧਾ ਸਹਿਤ ਲੰਗਰ ਵਰਤਾਇਆ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਵੱਡੀ ਗਿਣਤੀ ‘ਚ ਇਕੱਤਰ ਹੋਈ ਸੰਗਤ ਨੂੰ ਭਾਈ ਮੰਗਲ ਸਿੰਘ ਮੱਲਾ ਬੇਦੀਆਂ ਦੇ ਜਥੇ ਵੱਲੋਂ ਰਾਜਾ ਸਾਹਿਬ ਵੱਲੋਂ ਰਚਾਏ ਅਨੇਕਾਂ ਕੌਤਕਾਂ ਦਾ ਵਰਨਣ ਵਿਆਖਿਆ ਅਤੇ ਸਰਲ ਧਾਰਨਾਵਾਂ ਨਾਲ ਕੀਤਾ ਗਿਆ। ਇਸ ਉਪਰੰਤ ਪ੍ਰਸਿੱਧ ਕੀਰਤਨੀ ਜਥੇ ਬਾਬਾ ਗੁਲਾਬ ਸਿੰਘ ਚਮਕੌਰ ਸਾਹਿਬ ਵਾਲਿਆਂ ਵੱਲੋਂ ਹਾਜ਼ਰੀ ਭਰੀ ਗਈ, ਜਿਨ੍ਹਾਂ ਨੂੰ ਸੰਗਤਾਂ ਦਾ ਅਥਾਹ ਪਿਆਰ ਤੇ ਸਤਿਕਾਰ ਮਿਲਿਆ। ਰਾਜਾ ਸਾਹਿਬ ਦੇ ਸੇਵਕਾਂ ਵਿੱਚ ਉਹਨਾਂ ਪ੍ਰਤੀ ਸ਼ਰਧਾ ਤੇ ਸਤਿਕਾਰ ਦੀ ਮਿਸਾਲ ਦਿੰਦਿਆਂ ਬਾਬਾ ਗੁਲਾਬ ਸਿੰਘ ਨੇ ਰਾਜਾ ਸਾਹਿਬ ਦੇ ਸੇਵਕ ਮੁੰਦਰ ਸਿੰਘ ਦਾ ਪ੍ਰਸੰਗ ਸੁਣਾ ਕੇ ਸੰਗਤਾਂ ਨੂੰ ਇਹ ਦਰਸਾਉਣ ਦਾ ਯਤਨ ਕੀਤਾ ਕਿ ਸ਼ਰਧਾ, ਅਕੀਦਤ ਅਤੇ ਭਰੋਸੇ ਨਾਲ ਬ੍ਰਹਮ ਗਿਆਨੀ, ਮਹਾਂਪੁਰਸ਼ਾਂ ਅਤੇ ਗੁਰੂ ਸਾਹਿਬਾਨਾਂ ਕੋਲੋਂ ਸ਼ੁੱਧ ਭਾਵਨਾਵਾਂ ਸਹਿਤ ਮੰਗੀਆਂ ਮੁਰਾਦਾਂ ਪੂਰੀਆਂ ਹੁੰਦੀਆਂ ਹਨ। ਉਨਾਂ ਗੁਰਦੁਆਰਾ ਸਾਹਿਬ ਵਿਖੇ ਚੱਲ ਰਹੇ ਧਾਰਮਿਕ ਸਮਾਗਮਾਂ ਤੇ ਕੁਸ਼ਲ ਪ੍ਰਬੰਧ ਲਈ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਤੁਹਾਡੇ ਤੇ ਰਾਜਾ ਸਾਹਿਬ ਦਾ ਵੱਡਾ ਪਰਉਪਕਾਰ ਹੈ ਕਿ ਇੰਨੇ ਦਿਨ ਚੱਲਦੇ ਲਗਾਤਾਰ ਸਮਾਗਮ ਨੂੰ ਸਫਲਤਾ ਪੂਰਵਕ ਚਲਾਈ ਜਾ ਰਹੇ ਹੋ। ਇਸ ਮੌਕੇ ਦੂਰ ਦੁਰਾਡੇ ਤੋਂ ਸੰਗਤਾਂ ਟਰਾਲੀਆਂ, ਗੱਡੀਆਂ, ਮੋਟਰਸਾਈਕਲਾਂ ਆਦਿ ‘ਤੇ ਪਹੁੰਚੀਆਂ ਅਤੇ ਸਮੂਹ ਕਮੇਟੀ ਮੈਂਬਰ, ਨੌਜਵਾਨ ਸੇਵਾਦਾਰ, ਦੇਸ਼ਾਂ-ਵਿਦੇਸ਼ਾਂ ਤੋਂ ਆਈਆਂ ਸੰਗਤਾਂ ਅਤੇ ਸ਼ਰਧਾਲੂ ਪਰਿਵਾਰ ਵੀ ਹਾਜ਼ਰ ਸਨ।