31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

ਮਹਿੰਦਰ ਸਿੰਘ ਦੋਸਾਂਝ ਦੇ ਸਦੀਵੀ ਵਿਛੋੜੇ ’ਤੇ ਪ੍ਰਮੁੱਖ ਸ਼ਖ਼ਸੀਅਤਾਂ ਵਲੋਂ ਅਫ਼ਸੋਸ ਦਾ ਪ੍ਰਗਟਾਵਾ

ਨਵਾਂਸ਼ਹਿਰ, 31 ਅਗਸਤ (ਦੀਦਾਰ ਸਿੰਘ ਸ਼ੇਤਰਾ)- ਲਿਖਾਰੀ ਸਭਾ ਜਗਤਪੁਰ ਦੇ ਬਾਨੀ ਤੇ ਅਗਾਂਹਵਧੂ ਕਿਸਾਨ ਅਤੇ ਲੇਖਕ ਸਰਦਾਰ ਮਹਿੰਦਰ ਸਿੰਘ ਦੋਸਾਂਝ ਦੇ ਸਦੀਵੀਂ ਵਿਛੋੜੇ ‘ਤੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ।

Ad Position 21
No active advertisement
ਸਰਦਾਰ ਮਹਿੰਦਰ ਸਿੰਘ ਦੋਸਾਂਝ 01-09-2026
ਨਵਾਂਸ਼ਹਿਰ, 31 ਅਗਸਤ (ਦੀਦਾਰ ਸਿੰਘ ਸ਼ੇਤਰਾ)- ਲਿਖਾਰੀ ਸਭਾ ਜਗਤਪੁਰ ਦੇ ਬਾਨੀ ਤੇ ਅਗਾਂਹਵਧੂ ਕਿਸਾਨ ਅਤੇ ਲੇਖਕ ਸਰਦਾਰ ਮਹਿੰਦਰ ਸਿੰਘ ਦੋਸਾਂਝ ਦੇ ਸਦੀਵੀਂ ਵਿਛੋੜੇ ‘ਤੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ। ਉਹ ਕਿਹਾ ਕਿ ਉਹ ਹਮੇਸ਼ਾਂ ਵੱਡੇ ਭਰਾ ਵਾਂਗ ਮੇਰੀ ਪਿੱਠ ‘ਤੇ ਹੱਥ ਰੱਖਦੇ ਰਹੇ, ਦੋਆਬੇ ਦੇ ਲੇਖਕਾਂ ਲਈ ਉਹ ਭੀਸ਼ਮ ਪਿਤਾਮਾ ਸਨ। ਵਿਗਿਆਨਕ ਢੰਗ ਦੀ ਖੇਤੀ ਲਈ ਉਹ ਕੌਮੀ ਤੇ ਕੌਮਾਂਤਰੀ ਪੁਰਸਕਾਰ ਵਿਜੇਤਾ ਸਨ। ਪੰਜਾਬੀ ਸਾਹਿਤ ਵਿੱਚ ਉਨ੍ਹਾਂ ਕਵਿਤਾ, ਕਹਾਣੀ ਤੇ ਵਾਰਤਕ ਸਿਰਜਣ ਵਿੱਚ ਕਮਾਲ ਕੀਤੀ। ਉਨ੍ਹਾਂ ਦੀ ਪ੍ਰੇਰਨਾ ਨਾਲ ਬਲਦੇਵ ਸਿੰਘ ਢੀਂਡਸਾ, ਦੀਦਾਰ ਸਿੰਘ ਸ਼ੇਤਰਾ, ਹਰਬੰਸ ਕੈਂਥ ਅਤੇ ਅਮਰੀਕ ਸਿੰਘ ਢੀਂਡਸਾ ਨੇ ਸਾਹਿਤਕ ਜਗਤ ਵਿੱਚ ਵੱਡੀ ਪਛਾਣ ਬਣਾਈ। ਮਹਿੰਦਰ ਸਿੰਘ ਦੋਸਾਂਝ ਦਾ ਜਨਮ 5 ਫਰਵਰੀ 1940 ਨੂੰ ਪ੍ਰਿੰਸੀਪਲ ਗੁਰਚਰਨ ਸਿੰਘ ਦੋਸਾਂਝ ਦੇ ਘਰ ਪਿੰਡ ਜਗਤਪੁਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਆਪਣੇ ਨਾਨਕੇ ਘਰ ਹੋਇਆ । ਸਕੂਲ ਦੀ ਰਸਮੀ ਸਿੱਖਿਆ ਤੋਂ ਲਾਂਭੇ ਰਹਿ ਕੇ ਹੀ ਉਹਨਾਂ ਬੁੱਧੀਮਾਨੀ ਤੇ ਗਿਆਨੀ ਪਾਸ ਕੀਤੀ। ਪੰਜਾਬੀ, ਹਿੰਦੀ, ਅੰਗਰੇਜ਼ੀ ਤੇ ਉਰਦੂ ਦੇ ਗੂੜ੍ਹ ਗਿਆਤਾ ਸਰਦਾਰ ਦੇਸਾਂਝ ਨੇ ਸਾਹਿਤ ਸਿਰਜਣਾ ਦੇ ਨਾਲ-ਨਾਲ ਅਗਾਂਹਵਧੂ ਖੇਤੀ ਕਰਕੇ ਵੀ ਅੰਤਰਰਾਸ਼ਟਰੀ ਪਛਾਣ ਬਣਾਈ। ਗਿਆਨ ਪ੍ਰਾਪਤੀ ਲਈ ਆਪ ਨੇ ਅਨੇਕ ਵਿਦੇਸ਼ ਯਾਤਰਾਵਾਂ ਕੀਤੀਆਂ, ਆਪ ਨੇ ਰਾਸ਼ਟਰੀ ਪੱਧਰ ‘ਤੇ ਜੰਮੂ ਕਸ਼ਮੀਰ, ਕੇਰਲਾ, ਆਂਧਰਾ ਪ੍ਰਦੇਸ਼, ਤਾਮਿਲਨਾਡੂ, ਕਰਨਾਟਕਾ, ਮਹਾਂਰਾਸ਼ਟਰ ਤੇ ਹਿਮਾਚਲ ਪ੍ਰਦੇਸ਼ ਦੀ ਗਿਆਨ ਯਾਤਰਾ ਕੀਤੀ। ਅੰਤਰ-ਰਾਸ਼ਟਰੀ ਪੱਧਰ ‘ਤੇ ਆਪ ਨੇ ਥਾਈਲੈਂਡ (1986), ਇੰਗਲੈਂਡ (1990), ਹਾਲੈਂਡ (1990 ਤੇ 1998), ਕੈਨੇਡਾ ਤੇ ਅਮਰੀਕਾ (1994 ਤੇ 1998), ਪਾਕਿਸਤਾਨ (2001) ਦਾ ਦੌਰਾ ਵੀ ਕੀਤਾ। ਆਪ ਨੂੰ ਖੇਤੀਬਾੜੀ ਖੋਜ ਨਾਲ ਸਬੰਧਿਤ ਅਦਾਰਿਆਂ ਦੀਆਂ ਕਮੇਟੀਆਂ ਤੇ ਸੰਸਥਾਵਾਂ ਦੀ ਮੈਂਬਰਸ਼ਿਪ ਵੀ ਹਾਸਲ ਸੀ, ਜਿੰਨ੍ਹਾਂ ਵਿੱਚੋਂ ਮੈਂਬਰ ਪੀ.ਏ.ਯੂ ਰਿਸਰਚ ਕੌਂਸਲ ਲੁਧਿਆਣਾ, ਪੀ.ਏ.ਯੂ ਪਬਲੀਕੇਸ਼ਨ ਕਮੇਟੀ, ਮੈਂਬਰ ਜ਼ਿਲਾ ਖੇਤੀਬਾੜੀ ਪੈਦਾਵਾਰ ਕਮੇਟੀ ਨਵਾਂਸ਼ਹਿਰ, ਮੈਂਬਰ ਜ਼ਿਲਾ ਹਾਈਪਾਵਰ ਕਮੇਟੀ ਸਹਿਕਾਰਤਾ ਵਿਭਾਗ ਨਵਾਂਸ਼ਹਿਰ, ਮਾਈਕਰੋ ਇਰੀਗੇਸ਼ਨ ਕਮੇਟੀ ਨਵਾਂਸ਼ਹਿਰ, ਪ੍ਰਧਾਨ ਲਿਖਾਰੀ ਸਭਾ ਜਗਤਪੁਰ, ਪ੍ਰਧਾਨ ਜ਼ਿਲ੍ਹਾ ਸਾਹਿਤ ਅਤੇ ਕਲਾ ਮੰਚ ਨਵਾਂਸ਼ਹਿਰ, ਮੈਂਬਰ ਪੰਜਾਬ ਸਟੇਟ ਸੀਡ ਸਬ-ਕਮੇਟੀ ਚੰਡੀਗੜ੍ਹ, ਮੈਂਬਰ ਗਵਰਨਿੰਗ ਬੋਰਡ, ਪੰਜਾਬ ਸਟੇਟ ਸੀਡ ਸਰਟੀਫਿਕੇਸ਼ਨ ਅਥਾਰਟੀ ਚੰਡੀਗੜ੍ਹ, ਮੈਂਬਰ ਜ਼ਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ ਜਲੰਧਰ, ਮੈਂਬਰ ਪੰਜਾਬ ਸਟੇਟ ਅਗਜ਼ੈਕਟਿਵ ਕਮੇਟੀ ਵਾਸਤੇ ਰਾਸ਼ਟਰੀ ਹਾਰਟੀ ਕਲਚਰ ਮਿਸ਼ਨ ਚੰਡੀਗੜ੍ਹ, ਮੈਂਬਰ ਕੋਰ ਕਮੇਟੀ ਦੁਆਬਾ ਸਹਿਕਾਰੀ ਖੰਡ ਮਿੱਲ ਨਵਾਂਸ਼ਹਿਰ, ਮੈਂਬਰ ਜ਼ਿਲਾ ਲੋਕ ਸੰਪਰਕ ਕਮੇਟੀ ਨਵਾਂਸ਼ਹਿਰ, ਮੈਂਬਰ ਪ੍ਰਬੰਧਕੀ ਕਮੇਟੀ ਅਮਰਦੀਪ ਸਿੰਘ ਸ਼ੇਰਗਿੱਲ ਮੈਮੋਰੀਅਲ ਕਾਲਜ ਮੁਕੰਦਪੁਰ, ਮੈਂਬਰ ਪ੍ਰੋਗਰਾਮ ਸਲਾਹਕਾਰ ਕਮੇਟੀ ਆਲ ਇੰਡੀਆ ਰੇਡੀਓ ਸਟੇਸ਼ਨ ਤੇ ਦੂਰਦਰਸ਼ਨ ਕੇਂਦਰ ਜਲੰਧਰ ਪ੍ਰਮੁੱਖ ਹਨ। ਆਪ ਦੀਆਂ ਮੌਲਿਕ ਰਚਨਾਵਾਂ ਵਿੱਚ ਦਿਸ਼ਾ (ਕਾਵਿ ਸੰਗ੍ਰਹਿ 1972), ਕਿਰਤ ਨਾਲ ਜੁੜੇ ਰਿਸ਼ਤੇ (ਕਹਾਣੀ ਸੰਗ੍ਰਹਿ 1984), ਰੌਸ਼ਨੀ ਦੀ ਭਾਲ (ਕਾਵਿ ਸੰਗ੍ਰਹਿ 1998) ਤੇ ਯਾਦਾਂ ਪਾਕਿਸਤਾਨ ਦੀਆਂ (ਸਫਰਨਾਮਾ) ਪ੍ਰਮੁੱਖ ਹਨ। ਮਹਿੰਦਰ ਸਿੰਘ ਦੋਸਾਂਝ ਨੇ ਸਾਹਿਤ, ਸਿੱਖਿਆ, ਸਮਾਜ ਕਲਿਆਣ ਤੇ ਦਿਹਾਤੀ ਵਿਕਾਸ ਦੇ ਖੇਤਰ ਵਿੱਚ 1960 ਵਿੱਚ ਲਿਖਾਰੀ ਸਭਾ ਜਗਤਪੁਰ ਦੀ ਸਥਾਪਨਾ ਕੀਤੀ। ਇਲਾਕੇ ਦੇ ਲਗਪਗ 10 ਪਿੰਡਾਂ ਲਈ ਪੁਸਤਕਾਂ ਦੇ ਪ੍ਰਬੰਧ ਕਰਕੇ ਪੇਂਡੂ ਸਾਹਿਤਕ ਲਾਇਬ੍ਰੇਰੀਆਂ ਦੀ ਸਥਾਪਨਾ ਕੀਤੀ। ਆਪ ਨੇ 1975 ਤੋਂ ਹੁਣ ਤੱਕ ਇਲਾਕੇ ਦੇ ਲਗਪਗ 7 ਉੱਘੇ ਨਗਰਾਂ ਵਿੱਚ ਲੇਖਕਾਂ ਤੇ ਪਾਠਕਾਂ ਨੂੰ ਉਤਸਾਹਿਤ ਕਰਕੇ ਸਾਹਿਤ ਸਭਾਵਾਂ ਚਾਲੂ ਕਰਵਾਈਆਂ। ਆਪ ਨੇ ਇਲਾਕੇ ’ਚ ਬੂਟੇ ਲਵਾਉਣ ਲਈ ਵੀ ਸਫ਼ਲ ਮੁਹਿੰਮ ਚਲਾਈ। ਆਪ ਨੇ ਵਿਧਵਾਂ ਇਸਤਰੀਆ, ਬਿਰਧ ਬੀਬੀਆਂ, ਆਸਰਾਹੀਣ ਬਜ਼ੁਰਗਾਂ ਤੇ ਗਰੀਬ ਬੱਚਿਆਂ ਦੀ ਲੋੜੀਂਦੀ ਮਦਦ ਕੀਤੀ। 16 ਅਕਤੂਬਰ 1986 ਛੇਵੇਂ ਵਿਸ਼ਵ ਖੁਰਾਕ ਦਿਵਸ ‘ਤੇ ਕਣਕ ਦੇ ਸ਼ਾਨਦਾਰ ਉਤਪਾਦਨ ਲਈ ਯੂ.ਐਨ.ਓ. ਵੱਲੋਂ ਬੈਂਕਾਕ ਵਿਖੇ ਅੰਤਰਰਾਸ਼ਟਰੀ ਪੁਰਸਕਾਰ ਮਿਲਿਆ। 21 ਅਕਤੂਬਰ 1990 ਨੂੰ ਸਾਹਿਤ ਤੇ ਕਲਾ ਦੇ ਖੇਤਰ ’ਚ ਕੰਮ ਲਈ ਅੰਤਰ-ਰਾਸ਼ਟਰੀ ਪੰਜਾਬੀ ਕਾਵਿ ਸੰਮੇਲਨ ’ਤੇ ਇੰਟਰਨੈਸ਼ਨਲ ਪੰਜਾਬੀ ਸਾਹਿਤ ਸਭਾ ਲੰਡਨ ਵੱਲੋਂ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਸਾਬਕਾ ਜੱਜ ਸਰਦਾਰ ਅਜੀਤ ਸਿੰਘ ਬੈਂਸ ਹੱਥੀਂ ਲੰਡਨ ਵਿਚ ਸਨਮਾਨਿਤ ਕੀਤਾ ਗਿਆ। 26 ਜਨਵਰੀ 1996 ਨੂੰ ਗਣਤੰਤਰਤਾ ਦਿਵਸ ’ਤੇ ਆਪ ਜੀ ਨੂੰ ਨਵਾਂਸ਼ਹਿਰ ਵਿਖੇ ਖੇਤੀਬਾੜੀ ਦੇ ਖੇਤਰ ’ਚ ਵਿਸ਼ੇਸ਼ ਪ੍ਰਾਪਤੀਆਂ ਲਈ ਸਨਮਾਨਿਤ ਕੀਤਾ ਗਿਆ । 22 ਮਾਰਚ 1997 ਦੇ ਕਿਸਾਨ ਮੇਲੇ ’ਤੇ ਖੇਤੀ ਵਿੱਚ ਨਵੀਆਂ ਖੋਜਾਂ ਕਰਨ ਲਈ ਪੰਜਾਬ ਖੇਤੀ ਯੂਨੀਵਰਸਿਟੀ ਵੱਲੋਂ ਸਰਦਾਰ ਦਲੀਪ ਸਿੰਘ ਧਾਲੀਵਾਲ ਪੁਰਸਕਾਰ ਮਿਲਿਆ। 17 ਮਾਰਚ 2007 ਦੇ ਕਿਸਾਨ ਮੇਲੇ ’ਤੇ ਖੇਤੀ ਵੰਨ-ਸਵੰਨਤਾ ਦਾ ਇੱਕ ਸ਼ਾਨਦਾਰ ਮਾਡਲ ਵਿਕਸਤ ਕਰਨ ਲਈ ਪੰਜਾਬ ਖੇਤੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਮੁੱਖ ਮੰਤਰੀ ਪੁਰਸਕਾਰ ਪ੍ਰਾਪਤ ਕੀਤਾ। 2024 ਵਿੱਚ ਆਪ ਨੂੰ ਮੰਗਾ ਸਿੰਘ ਬਾਸੀ ਵੱਲੋਂ ਆਪਣੇ ਪਿਤਾ ਜੀ ਦੀ ਯਾਦ ਵਿੱਚ ਸਥਾਪਿਤ ਸਰਦਾਰ ਪ੍ਰੀਤਮ ਸਿੰਘ ਬਾਸੀ ਪੁਰਸਕਾਰ ਵੀ ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ ਵਿਖੇ ਪ੍ਰਦਾਨ ਕੀਤਾ ਗਿਆ। ਉਹ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਵੀ ਜੀਵਨ ਮੈਂਬਰ ਸਨ। ਸਰਦਾਰ ਮਹਿੰਦਰ ਸਿੰਘ ਦੋਸਾਂਝ ਦੇ ਦੇਹਾਂਤ ‘ਤੇ ਦੇਸ਼ ਵਿਦੇਸ਼ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ. ਸਿੰਘ ਨੇ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਹੈ ਕਿ ਉਹ ਅਸਲ ਅਰਥਾਂ ਵਿੱਚ ਕਰਮਯੋਗੀ ਸਨ। ਸਾਰੀ ਉਮਰ ਕਿਰਤ ਕਰਦਿਆਂ ਉਨ੍ਹਾਂ ਕਲਮ ਨੂੰ ਵੀ ਨਾਲ-ਨਾਲ ਤੋਰਿਆ। ਪੀ.ਏ.ਯੂ. ਦੇ ਸਾਬਕਾ ਵਾਈਸ ਚਾਂਸਲਰ ਡਾ. ਔਲਖ, ਪਸਾਰ ਸਿੱਖਿਆ ਡਾ. ਗਿੱਲ, ਉੱਘੇ ਲੇਖਕ ਪ੍ਰੋ. ਰਵਿੰਦਰ ਭੱਠਲ, ਡਾ. ਆਤਮਜੀਤ ਸਿੰਘ, ਡਾ. ਸੁਰਜੀਤ ਸਿੰਘ ਭੱਟੀ, ਪ੍ਰਿੰਸੀਪਲ ਸਰਵਣ ਸਿੰਘ, ਵਰਿਆਮ ਸਿੰਘ ਸੰਧੂ, ਡਾ. ਲਖਵਿੰਦਰ ਸਿੰਘ ਜੌਹਲ, ਸ਼ਮਸ਼ੇਰ ਸਿੰਘ ਸੰਧੂ, ਤ੍ਰੈਲੋਚਨ ਲੋਚੀ, ਮਨਜਿੰਦਰ ਧਨੋਆ, ਸਹਿਜਪ੍ਰੀਤ ਸਿੰਘ ਮਾਂਗਟ, ਦੀਦਾਰ ਸਿੰਘ ਸ਼ੇਤਰਾ, ਅਜਮੇਰ ਸਿੱਧੂ, ਰਵਿੰਦਰ ਸਹਿਰਾਅ, ਕੁਲਦੀਪ ਸਿੰਘ ਸਰਾਂ ਤੇ ਬਲਦੇਵ ਸਿੰਘ ਢੀਂਡਸਾ ਨੇ ਵੀ ਦੁੱਖ ਦਾ ਪ੍ਰਗਟਾਵਾ ਕੀਤਾ।
Ad Position 22
No active advertisement
ਪਿਛਲੀ ਖ਼ਬਰ ਡੀ.ਸੀ. ਨਵਾਂਸ਼ਹਿਰ ਨੂੰ ਨਾਜਾਇਜ਼ ਮਾਈਨਿੰਗ ਸੰਬੰਧੀ ਮਿਲੇ ਕਿਸਾਨ ਯੂਨੀਅਨ ਰਾਜੇਵਾਲ ਦੇ ਆਗੂ ਅਗਲੀ ਖ਼ਬਰ ਮੇਹਲੀਆਣਾ ’ਚ ਮੋਟਰਾਂ ਦੀਆਂ ਤਾਰਾਂ ਚੋਰੀ
Ad Position 24