ਆਵਾਜਾਈ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਸੜਕਾਂ ’ਤੇ ਦੌੜ ਰਹੇ ਨੇ ‘ਜੁਗਾੜੂ ਵਾਹਨ’, ਪ੍ਰਸ਼ਾਸਨ ਖਾਮੋਸ਼
ਰਾਏਕੋਟ, 17 ਅਕਤੂਬਰ (ਸੁਸ਼ੀਲ)-ਅੱਜਕੱਲ੍ਹ ਸੜਕਾਂ ’ਤੇ ਟ੍ਰੈਫਿਕ ਨਿਯਮਾਂ ਦੀਆਂ ਸ਼ਰ੍ਹੇਆਮ ਧੱਜੀਆਂ ਉਡਾਉਂਦੇ ਹੋਏ ‘ਜੁਗਾੜੂ ਵਾਹਨ’ ਆਮ ਵੇਖਣ ਨੂੰ ਮਿਲ ਰਹੇ ਹਨ। ਇਹ ਗੈਰ-ਕਾਨੂੰਨੀ ਅਤੇ ਮਨਮਰਜ਼ੀ ਨਾਲ ਤਿਆਰ ਕੀਤੇ ਗਏ ਵਾਹਨ ਨਾ ਸਿਰਫ਼ ਆਵਾਜਾਈ ਦੇ ਸੁਚਾਰੂ ਪ੍ਰਬੰਧਾਂ ਵਿੱਚ ਵਿਘਨ ਪਾ ਰਹੇ ਹਨ, ਸਗੋਂ ਆਮ ਰਾਹਗੀਰਾਂ ਦੀ ਜਾਨ ਲਈ ਵੀ ਵੱਡਾ ਖ਼ਤਰਾ ਬਣ ਰਹੇ ਹਨ।
ਰਾਏਕੋਟ, 17 ਅਕਤੂਬਰ (ਸੁਸ਼ੀਲ)-ਅੱਜਕੱਲ੍ਹ ਸੜਕਾਂ ’ਤੇ ਟ੍ਰੈਫਿਕ ਨਿਯਮਾਂ ਦੀਆਂ ਸ਼ਰ੍ਹੇਆਮ ਧੱਜੀਆਂ ਉਡਾਉਂਦੇ ਹੋਏ ‘ਜੁਗਾੜੂ ਵਾਹਨ’ ਆਮ ਵੇਖਣ ਨੂੰ ਮਿਲ ਰਹੇ ਹਨ। ਇਹ ਗੈਰ-ਕਾਨੂੰਨੀ ਅਤੇ ਮਨਮਰਜ਼ੀ ਨਾਲ ਤਿਆਰ ਕੀਤੇ ਗਏ ਵਾਹਨ ਨਾ ਸਿਰਫ਼ ਆਵਾਜਾਈ ਦੇ ਸੁਚਾਰੂ ਪ੍ਰਬੰਧਾਂ ਵਿੱਚ ਵਿਘਨ ਪਾ ਰਹੇ ਹਨ, ਸਗੋਂ ਆਮ ਰਾਹਗੀਰਾਂ ਦੀ ਜਾਨ ਲਈ ਵੀ ਵੱਡਾ ਖ਼ਤਰਾ ਬਣ ਰਹੇ ਹਨ। ਪ੍ਰਸ਼ਾਸਨ ਦੀ ਅਣਦੇਖੀ ਅਤੇ ਟ੍ਰੈਫਿਕ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਇਹ ਵਾਹਨ ਬੇਖੌਫ਼ ਹੋ ਕੇ ਮੁੱਖ ਮਾਰਗਾਂ ਅਤੇ ਸ਼ਹਿਰ ਦੀਆਂ ਭੀੜ-ਭਾੜ ਵਾਲੀਆਂ ਸੜਕਾਂ ’ਤੇ ਦੌੜ ਰਹੇ ਹਨ। ਇੰਨ੍ਹਾਂ ਵਾਹਨਾਂ ਵਿੱਚ ਮੁੱਖ ਤੌਰ ’ਤੇ ਪੁਰਾਣੇ ਮੋਟਰਸਾਈਕਲਾਂ ਦੇ ਇੰਜਣਾਂ ਨਾਲ ਪਿੱਛੇ ਰੇਹੜੀ ਜਾਂ ਵੱਡੀ ਟਰਾਲੀ ਜੋੜ ਕੇ ਬਣਾਏ ਗਏ ਜੁਗਾੜੂ ਰੇਹੜੇ ਆਦਿ ਸ਼ਾਮਿਲ ਹਨ। ਇਸ ਤੋਂ ਇਲਾਵਾ ਕਬਾੜ ਹੋ ਚੁੱਕੇ ਸਕੂਟਰਾਂ, ਪੁਰਾਣੀਆਂ ਜੀਪਾਂ ਅਤੇ ਟੈਂਪੂਆਂ ਨੂੰ ਕੱਟ-ਵੱਢ ਕੇ ਮਕੈਨਿਕਾਂ ਵੱਲੋਂ ਆਪਣੇ ਪੱਧਰ ’ਤੇ ਅਜਿਹੇ ਵਾਹਨ ਤਿਆਰ ਕੀਤੇ ਜਾਂਦੇ ਹਨ। ਇਨ੍ਹਾਂ ਵਾਹਨਾਂ ਦੀ ਨਾ ਤਾਂ ਮੋਟਰ ਵਹੀਕਲ ਐਕਟ ਤਹਿਤ ਕੋਈ ਰਜਿਸਟ੍ਰੇਸ਼ਨ ਹੁੰਦੀ ਹੈ, ਨਾ ਹੀ ਇਨ੍ਹਾਂ ਦਾ ਕੋਈ ਬੀਮਾ ਆਦਿ ਹੁੰਦਾ ਹੈ ਅਤੇ ਨਾ ਹੀ ਇਨ੍ਹਾਂ ਨੂੰ ਚਲਾਉਣ ਵਾਲਿਆਂ ਕੋਲ ਕੋਈ ਜਾਇਜ਼ ਡਰਾਈਵਿੰਗ ਲਾਇਸੈਂਸ ਹੁੰਦਾ ਹੈ। ਇੰਨ੍ਹਾਂ ਵਾਹਨਾਂ ’ਤੇ ਅਕਸਰ ਸਮਰੱਥਾ ਤੋਂ ਕਿਤੇ ਵੱਧ ਭਾਰ ਜਿਵੇਂ ਕਿ ਉਸਾਰੀ ਦਾ ਸਾਮਾਨ, ਲੋਹਾ, ਤੂੜੀ ਜਾਂ ਸਵਾਰੀਆਂ ਆਦਿ ਵੀ ਲੱਦੀਆਂ ਹੋਈਆਂ ਆਮ ਦੇਖੀਆਂ ਜਾ ਸਕਦੀਆਂ ਹਨ। ਪ੍ਰਵਾਸੀ ਮਜ਼ਦੂਰਾਂ ਕੋਲ ਇਹ ਜਗਾੜੂ ਵਾਹਨ ਆਮ ਦੇਖਣ ਨੂੰ ਮਿਲਦੇ ਹਨ, ਜੋ ਕਿ ਨਵੇਂ ਵਾਹਨਾਂ ਨੂੰ ਰੇਹੜੀਆਂ ਲਗਾਉਣ ਅਤੇ ਸਮਾਨ ਨੂੰ ਦੂਰ ਨੇੜੇ ਲੈ ਕੇ ਜਾਣ ਲਈ ਵਰਤਦੇ ਹਨ। ਇੰਨ੍ਹਾਂ ਜਗਾੜੂ ਵਾਹਨਾਂ ’ਚ ਓਵਰਲੋਡਿੰਗ ਕਾਰਨ ਅਚਾਨਕ ਬ੍ਰੇਕ ਲਗਾਉਣ ’ਤੇ ਇਹ ਸੰਤੁਲਨ ਗੁਆ ਬੈਠਦੇ ਹਨ ਅਤੇ ਪਲਟ ਜਾਂਦੇ ਹਨ। ਇਨ੍ਹਾਂ ਵਾਹਨਾਂ ’ਤੇ ਨਾ ਤਾਂ ਕੋਈ ਇੰਡੀਕੇਟਰ ਹੁੰਦਾ ਹੈ, ਨਾ ਹੈੱਡਲਾਈਟਸ ਅਤੇ ਨਾ ਹੀ ਪਿੱਛੇ ਕੋਈ ਰਿਫਲੈਕਟਰ ਲੱਗਾ ਹੁੰਦਾ ਹੈ। ਰਾਤ ਦੇ ਸਮੇਂ ਜਾਂ ਧੁੰਦ ਦੌਰਾਨ ਇਹ ਪਿੱਛੋਂ ਆਉਣ ਵਾਲੇ ਤੇਜ਼ ਰਫ਼ਤਾਰ ਵਾਹਨਾਂ ਲਈ ਮੌਤ ਦਾ ਸਮਾਨ ਬਣ ਜਾਂਦੇ ਹਨ। ਦੇਸੀ ਤਰੀਕੇ ਨਾਲ ਤਿਆਰ ਕੀਤੇ ਹੋਣ ਕਾਰਨ ਇਨ੍ਹਾਂ ਦਾ ਬ੍ਰੇਕਿੰਗ ਸਿਸਟਮ ਬਹੁਤ ਕਮਜ਼ੋਰ ਹੁੰਦਾ ਹੈ, ਜਿਸ ਕਰਕੇ ਐਮਰਜੈਂਸੀ ਸਥਿਤੀ ਵਿੱਚ ਵਾਹਨ ਕਾਬੂ ਤੋਂ ਬਾਹਰ ਹੋ ਕੇ ਹਾਦਸੇ ਦਾ ਸ਼ਿਕਾਰ ਹੋ ਜਾਂਦਾ ਹੈ।