ਅੱਧਾ ਕਿੱਲੋ ਹੈਰੋਇਨ ਸਮੇਤ 2 ਔਰਤਾਂ ਤੇ 2 ਵਿਅਕਤੀ ਕਾਬੂ
ਮੁੱਲਾਂਪੁਰ-ਦਾਖਾ/ਜੋਧਾਂ, 21 ਅਗਸਤ (ਨਿਰਮਲ ਸਿੰਘ ਧਾਲੀਵਾਲ, ਗੁਰਵਿੰਦਰ ਸਿੰਘ ਹੈਪੀ)- ਲੁਧਿਆਣਾ ਰੇਂਜ਼ ਡੀ. ਆਈ.
ਮੁੱਲਾਂਪੁਰ-ਦਾਖਾ/ਜੋਧਾਂ, 21 ਅਗਸਤ (ਨਿਰਮਲ ਸਿੰਘ ਧਾਲੀਵਾਲ, ਗੁਰਵਿੰਦਰ ਸਿੰਘ ਹੈਪੀ)- ਲੁਧਿਆਣਾ ਰੇਂਜ਼ ਡੀ.ਆਈ.ਜ਼ੀ ਸੰਦੀਪ ਗੋਇਲ ਅਤੇ ਲੁਧਿਆਣਾ ਦਿਹਾਤੀ ਸੀਨੀਅਰ ਪੁਲਿਸ ਕਪਤਾਨ ਡਾ: ਅੰਕੁਰ ਗੁਪਤਾ ਵਲੋਂ ਪੁਲਿਸ ਨੂੰ ਆਪ੍ਰੇਸ਼ਨ ਪ੍ਰਹਾਰ ਤਹਿਤ ਮੁਹਿੰਮ ਦੌਰਾਨ ਨਸ਼ਾ ਤਸਕਰਾਂ, ਭਗੌੜਿਆਂ ਵਿਰੁੱਧ ਛਾਪੇਮਾਰੀ ਦਾ ਸਖ਼ਤ ਆਦੇਸ਼ ਹੈ। ਪੁਲਿਸ ਸਬ ਡਵੀਜਨ ਦਾਖਾ ਡੀ.ਐੱਸ.ਪੀ ਕਰਨ ਸਿੰਘ ਸੰਧੂ ਦੀ ਅਗਵਾਈ ਹੇਠ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਅਸਰਦਾਰ ਬਣਾਉਣ ਵਿਚ ਲੱਗੀ ਪੁਲਿਸ ਥਾਣਾ ਜੋਧਾਂ ਐੱਸ.ਐੱਚ.ਓ. ਕਿਰਨਦੀਪ ਕੌਰ ਦੀ ਪੁਲਿਸ ਪਾਰਟੀ ਵਲੋਂ ਮਾਰੂ ਨਸ਼ਾ ਹੈਰੋਇਨ ਭਾਰੀ ਮਾਤਰਾ ’ਚ ਬਰਾਮਦ ਕੀਤਾ ਗਿਆ। ਦਾਖਾ ਪੁਲਿਸ ਸਬ ਡਵੀਜਨ ਦਫ਼ਤਰ ਵਿਖੇ ਐੱਨ.ਡੀ.ਪੀ.ਐੱਸ ਐਕਟ ਤਹਿਤ ਸਮੈਕ ਬਰਾਮਦਗੀ ਦਾ ਖੁਲਾਸਾ ਕਰਦਿਆਂ ਡੀ.ਐੱਸ.ਪੀ ਕਰਨ ਸਿੰਘ ਸੰਧੂ ਦੱਸਿਆ ਕਿ ਥਾਣਾ ਜੋਧਾਂ ਮੁਖੀ ਇੰਸਪੈਕਟਰ ਕਿਰਨਦੀਪ ਕੌਰ ਦੀ ਪੁਲਿਸ ਪਾਰਟੀ ਏ.ਐੱਸ.ਆਈ ਜਸਪਾਲ ਸਿੰਘ (ਇੰਚਾਰਜ ਚੌਂਕੀ ਛਪਾਰ) ਵਲੋਂ ਮਹਿਲਾ-ਮਰਦ ਸੀਨੀਅਰ ਸਿਪਾਹੀ ਨੂੰ ਨਾਲ ਲੈ ਕੇ ਨਾਰੰਗਵਾਲ ਚੌਂਕ ਜੋਧਾਂ ਵਿਖੇ ਨਾਕਾ ਲਗਾਇਆ ਹੋਇਆ ਸੀ। ਮੁਖ਼ਬਰ ਖਾਸ ਨੇ ਇੰਸਪੈਕਟਰ ਐੱਸ.ਐੱਚ.ਓ ਨੂੰ ਇਤਲਾਹ ਦਿੱਤੀ ਕਿ ਕੁਝ ਲੋਕ ਵਾਹਨ ਨੰ. ਪੀ.ਬੀ. 24 ਐੱਫ 6336 ’ਤੇ ਸਵਾਰ ਹੋ ਕੇ ਪਿੰਡ ਸ਼ਹਿਜ਼ਾਦ ਬੇਅਬਾਦ ਕਲੋਨੀ ਨੇੜੇ ਕਿਸੇ ਨੂੰ ਹੈਰੋਇਨ ਦੇਣ ਆ ਰਹੇ ਹਨ। ਪੁਲਿਸ ਵਲੋਂ ਮੌਕੇ ’ਤੇ ਪਹੁੰਚ ਕੇ 2 ਔਰਤਾਂ, 2 ਸ਼ੱਕੀ ਨੌਜਵਾਨਾਂ ਨੂੰ ਅਲੱਗ ਕਰਕੇ ਉਨ੍ਹਾਂ ਦਾ ਪਤਾ ਪੁੱਛਿਆ ਤਾਂ ਇਕ ਔਰਤ ਨੇ ਆਪਣਾ ਨਾਂਅ ਸੋਨੀਆ ਰਾਣੀ ਤੇ ਦੂਸਰੀ ਨੇ ਪੂਜਾ ਰਾਣੀ ਦੱਸਿਆ। ਨੌਜਵਾਨਾਂ ਨੇ ਆਪਣੀ ਪਹਿਚਾਣ ਜਗਦੀਪ ਸਿੰਘ ਉਰਫ਼ ਜੱਗਾ ਅਤੇ ਕਿਰਨਦੀਪ ਸਿੰਘ ਵਜੋਂ ਦੱਸੀ। ਉਕਤ ਦੀ ਤਲਾਸ਼ੀ ਸਮੇਂ ਪੁਲਿਸ ਨੂੰ ਨਸ਼ੀਲਾ ਪਦਾਰਥ ਬਰਾਮਦ ਹੋਇਆ। ਪੁਲਿਸ ਵਲੋਂ ਉਕਤ ਵਿਅਕਤੀਆਂ ਨੂੰ ਆਪਣੇ ਨਾਲ ਥਾਣਾ ਜੋਧਾਂ ਲਿਆ ਕੇ ਬਰਾਮਦ ਲਿਫਾਫੇ ’ਚ ਮਿਲੀ ਹੈਰੋਇਨ ਦਾ ਵਜ਼ਨ ਕੀਤਾ ਤਾਂ 505 ਗ੍ਰਾਮ ਪਾਇਆ ਗਿਆ। ਨਸ਼ਾ ਤਸਕਰ ਕਿਰਨਦੀਪ ਸਿੰਘ ਉਰਫ਼ ਕਿਰਨ ਦੀ ਪਹਿਚਾਣ ਪਿੰਡ ਚਚਰਾੜੀ ਥਾਣਾ ਸਦਰ ਜਗਰਾਉਂ ਅਤੇ ਜਗਦੀਪ ਸਿੰਘ ਉਰਫ਼ ਜੱਗਾ ਦੀ ਪਹਿਚਾਣ ਮਜੀਠਾ ਰੋਡ ਨੌਸ਼ਹਿਰਾ (ਅੰਮ੍ਰਿਤਸਰ) ਵਜੋਂ ਹੋਈ। ਔਰਤਾਂ ਵਿਚ ਪੂਜਾ ਰਾਣੀ ਸ਼ਿਮਲਾਪੁਰੀ ਲੁਧਿਆਣਾ ਅਤੇ ਸੋਨੀਆ ਰਾਣੀ ਹੁਸ਼ਿਆਰਪੁਰ ਚੌਂਕ ਬੱਸੀ ਦੌਲਤ ਖਾਂ ਵਜੋਂ ਹੋਈ। ਸਕੂਟਰੀ ਸਵਾਰ ਜਗਦੀਪ ਸਿੰਘ ਉਰਫ਼ ਜੱਗਾ ਮਜੀਠਾ ਅਤੇ ਸੋਨੀਆ ਹੁਸ਼ਿਆਰਪੁਰ ਵਲੋਂ ਹੈਰੋਇਨ ਦੀ ਇਹ ਖੇਪ ਕਿਰਨਦੀਪ ਸਿੰਘ ਚਚਰਾੜੀ ਅਤੇ ਪੂਜਾ ਰਾਣੀ ਸ਼ਿਮਲਾਪੁਰੀ ਨੂੰ ਦਿੱਤੀ ਜਾਣੀ ਸੀ। ਪੁਲਿਸ ਵਲੋਂ ਜ਼ੁਰਮ ਦੀ ਧਾਰਾ 21-ਸੀ, 25-61-85 ਐੱਨ.ਡੀ.ਪੀ.ਐੱਸ ਤਹਿਤ ਮੁਕੱਦਮਾ ਦਰਜ ਕਰਕੇ ਕਥਿਤ ਦੋਸ਼ੀਆਂ ਕੋਲੋਂ ਹੋਰ ਪੁੱਛਗਿੱਛ ਲਈ ਅਦਾਲਤ ਵਿਚ ਪੇਸ਼ ਕੀਤਾ ਗਿਆ। ਮਾਨਯੋਗ ਅਦਾਲਤ ਵਲੋਂ 2 ਦਿਨ ਦਾ ਪੁਲਿਸ ਰਿਮਾਂਡ ਦਿੱਤਾ ਗਿਆ।