ਵਿਧਾਇਕਾਂ ਤੇ 3 ਸੰਸਦ ਮੈਂਬਰਾਂ ਦੇ ਹਲਕਿਆਂ ’ਚੋਂ ਲੰਘਣ ਵਾਲੀ ਗੜ੍ਹਸ਼ੰਕਰ-ਆਦਮਪੁਰ ਸੜਕ ਬਣੀ ਲੋਕਾਂ ਲਈ ਜਾਨ ਦਾ ਖੌਅ
ਹੁਸ਼ਿਆਰਪੁਰ, 25 ਨਵੰਬਰ (ਨਰਿੰਦਰ ਸਿੰਘ ਬੱਡਲਾ)-ਗੜ੍ਹਸ਼ੰਕਰ ਤੋਂ ਆਦਮਪੁਰ ਵਾਇਆ ਕੋਟਫਤੂਹੀ, ਮੇਹਟੀਆਣਾ ਪ੍ਰਧਾਨ ਮੰਤਰੀ ਸੜਕ ਯੋਜਨਾ ਅਧੀਨ ਪੈਂਦੀ ਸੜਕ ਜਿਸ ਨੂੰ ਕੁੱਝ ਸਮਾਂ ਪਹਿਲਾਂ ਹੀ ਬਣਾਇਆ ਗਿਆ ਸੀ, ਹੁਣ ਜਿੱਥੇ ਓਵਰਲੋਡ ਟਿੱਪਰਾਂ ਅਤੇ ਭਾਰੀ ਵਾਹਨਾਂ ਦੇ ਲਗਾਤਾਰ ਲੰਘਣ ਕਾਰਨ ਜਗ੍ਹਾ-ਜਗ੍ਹਾ ਤੋਂ ਇਹ ਸੜਕ ਟੁੱਟਣੀ ਸ਼ੁਰੂ ਹੋ ਚੁੱਕੀ ਹੈ, ਉੱਥੇ ਹੀ ਟ੍ਰੈਫ਼ਿਕ ਨਿਯਮਾਂ ਦੀ ਪਾਲਣਾ ਨਾ ਕਰਨ ਦੇ ਚੱਲਦਿਆਂ ਸੜਕ ‘ਤੇ ਆਏ ਦਿਨ ਹਾਦਸੇ ਵਾਪਰ ਰਹੇ ਹਨ। ਇੱਥੋਂ ਤੱਕ ਕਿ ਇਨ੍ਹਾਂ ਹਾਦਸਿਆਂ ‘ਚ ਅਨੇਕਾਂ ਲੋਕ ਕੀਮਤੀ ਜਾਨਾਂ ਵੀ ਗੁਆ ਚੁੱਕੇ ਹਨ।
ਹੁਸ਼ਿਆਰਪੁਰ, 25 ਨਵੰਬਰ (ਨਰਿੰਦਰ ਸਿੰਘ ਬੱਡਲਾ)-ਗੜ੍ਹਸ਼ੰਕਰ ਤੋਂ ਆਦਮਪੁਰ ਵਾਇਆ ਕੋਟਫਤੂਹੀ, ਮੇਹਟੀਆਣਾ ਪ੍ਰਧਾਨ ਮੰਤਰੀ ਸੜਕ ਯੋਜਨਾ ਅਧੀਨ ਪੈਂਦੀ ਸੜਕ ਜਿਸ ਨੂੰ ਕੁੱਝ ਸਮਾਂ ਪਹਿਲਾਂ ਹੀ ਬਣਾਇਆ ਗਿਆ ਸੀ, ਹੁਣ ਜਿੱਥੇ ਓਵਰਲੋਡ ਟਿੱਪਰਾਂ ਅਤੇ ਭਾਰੀ ਵਾਹਨਾਂ ਦੇ ਲਗਾਤਾਰ ਲੰਘਣ ਕਾਰਨ ਜਗ੍ਹਾ-ਜਗ੍ਹਾ ਤੋਂ ਇਹ ਸੜਕ ਟੁੱਟਣੀ ਸ਼ੁਰੂ ਹੋ ਚੁੱਕੀ ਹੈ, ਉੱਥੇ ਹੀ ਟ੍ਰੈਫ਼ਿਕ ਨਿਯਮਾਂ ਦੀ ਪਾਲਣਾ ਨਾ ਕਰਨ ਦੇ ਚੱਲਦਿਆਂ ਸੜਕ ‘ਤੇ ਆਏ ਦਿਨ ਹਾਦਸੇ ਵਾਪਰ ਰਹੇ ਹਨ। ਇੱਥੋਂ ਤੱਕ ਕਿ ਇਨ੍ਹਾਂ ਹਾਦਸਿਆਂ ‘ਚ ਅਨੇਕਾਂ ਲੋਕ ਕੀਮਤੀ ਜਾਨਾਂ ਵੀ ਗੁਆ ਚੁੱਕੇ ਹਨ। ਕਰੈਸ਼ਰ ਅਤੇ ਬਜਰੀ ਨਾਲ ਭਰੇ ਹੋਏ ਕਈ ਵੱਡੇ ਟਰਾਲੇ/ਟਿੱਪਰ ਨਹਿਰ ਦੀ ਰੇਲਿੰਗ ਮਜ਼ਬੂਤ ਨਾ ਹੋਣ ਕਾਰਨ ਨਹਿਰ ‘ਚ ਵੀ ਡਿਗ ਚੁੱਕੇ ਹਨ। ਜ਼ਿਕਰਯੋਗ ਹੈ ਕਿ 5 ਵਿਧਾਇਕਾਂ ਤੇ 3 ਸਾਂਸਦ ਮੈਂਬਰਾਂ ਦੇ ਹਲਕਿਆਂ ’ਚ ਪੈਣ ਵਾਲੀ ਇਸ ਸੜਕ ਨੂੰ ਜੇਕਰ ਇਲਾਕੇ ਦੀ ਹੱਬ ਕਿਹਾ ਜਾਵੇ ਤਾਂ ਇਹ ਕੋਈ ਗ਼ਲਤ ਨਹੀਂ ਹੋਵੇਗਾ, ਕਿਉਂਕਿ ਇਹ ਸੜਕ ਜਿੱਥੇ ਆਮ ਰਾਹਗੀਰਾਂ ਦੇ ਸਫ਼ਰ ਨੂੰ ਸੁਖਾਲਾ ਕਰਦੀ ਹੈ ਉੱਥੇ ਇਹ ਸੜਕ ਸ੍ਰੀ ਅਨੰਦਪੁਰ ਸਾਹਿਬ ਜਾਣ ਵਾਲੀਆਂ ਸੰਗਤਾਂ ਲਈ ਵੀ ਵਰਦਾਨ ਹੈ, ਕਿਉਂਕਿ ਇਹੀ ਸੜਕ ਆਦਮਪੁਰ ਤੋਂ ਅੱਗੇ ਜਾ ਕੇ ਭੋਗਪੁਰ ਵਿਖੇ ਮੁੱਖ ਸ਼ਾਹ ਰਾਹ ਨਾਲ ਜੁੜਦੀ ਹੈ। ਇਸ ਸਬੰਧੀ ਇਲਾਕੇ ਦੀਆਂ ਮੋਹਰੀ ਜਥੇਬੰਦੀਆਂ ਅਤੇ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਕਤ ਸੜਕ ‘ਤੇ ਵਾਪਰ ਰਹੇ ਹਾਦਸਿਆਂ ਸਬੰਧੀ ਉਨ੍ਹਾਂ ਵਲੋਂ ਅਨੇਕਾਂ ਵਾਰ ਸਰਕਾਰ ਦੇ ਮੰਤਰੀਆਂ, ਵਿਧਾਇਕਾਂ ਅਤੇ ਪ੍ਰਸ਼ਾਸਨ ਦੇ ਉਚ ਅਧਿਕਾਰੀਆਂ ‘ਤੇ ਪਹੁੰਚ ਕੀਤੀ ਜਾ ਚੁੱਕੀ ਹੈ, ਪ੍ਰੰਤੂ ਕਿਸੇ ਨੇ ਵੀ ਅਜੇ ਤੱਕ ਇਸ ਸਮੱਸਿਆ ਦੇ ਹੱਲ ਲਈ ਕੋਈ ਪਹਿਲਕਦਮੀ ਨਹੀਂ ਦਿਖਾਈ। ਸੜਕ ‘ਤੇ ਵਾਪਰ ਰਹੇ ਹਾਦਸਿਆਂ ਸਬੰਧੀ ਦੋਆਬਾ ਜਨਰਲ ਕੈਟਾਗਰੀ ਫ਼ਰੰਟ ਪੰਜਾਬ ਦੇ ਪ੍ਰਧਾਨ ਬਲਵੀਰ ਸਿੰਘ ਫੁਗਲਾਣਾ, ਅਮਰ ਕੌਰ ਚਰਨ ਕੌਰ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਜਸਵੀਰ ਸਿੰਘ ਮਿਨਹਾਸ, ਸਾਬਕਾ ਪੰਚ ਜਗਤਾਰ ਸਿੰਘ ਭੁੰਗਰਨੀ, ਪ੍ਰਧਾਨ ਗੁਰਦੁਆਰਾ ਸ੍ਰੀ ਗੁਰੂ ਹਰਿਰਾਇ ਸਾਹਿਬ ਪਿੰਡ ਭੂੰਗਰਨੀ ਸੁਰਜੀਤ ਸਿੰਘ ਮਸੂਤਾ, ਨੰਬਰਦਾਰ ਭੁਪਿੰਦਰ ਸਿੰਘ ਹੇੜੀਆਂ ਆਦਿ ਸਮੇਤ ਇਲਾਕੇ ਮੋਹਤਵਰਾਂ ਤੇ ਹੋਰ ਸਮਾਜ ਸੇਵੀ ਜਥੇਬੰਦੀਆਂ ਦੇ ਆਗੂਆਂ ਨੇ ਦੱਸਿਆ ਕਿ ਆਦਮਪੁਰ ਤੋਂ ਗੜ੍ਹਸ਼ੰਕਰ ਵਾਇਆ ਮੇਹਟੀਆਣਾ, ਕੋਟਫਤੂਹੀ ਸੜਕ ਜੋ ਕਿ ਬਿਸਤ ਦੋਆਬ ਨਹਿਰ ਦੀ ਪਟੜੀ ‘ਤੇ ਪ੍ਰਧਾਨ ਮੰਤਰੀ ਸੜਕ ਯੋਜਨਾ ਤਹਿਤ ਬਣਾਈ ਗਈ ਹੈ, ਉਸ ‘ਤੇ ਵੱਡੇ ਵਾਹਨਾਂ ਦੀ ਬੇਤਹਾਸ਼ਾ ਟਰੈਫ਼ਿਕ ਅਤੇ ਸੜਕ ਦੇ ਦੋਨੋਂ ਪਾਸੇ ਉੱਗੀ ਉਚੀ-ਉਚੀ ਬਨਸਪਤੀ ਦੇ ਚੱਲਦਿਆਂ ਰਾਤ ਸਮੇਂ ਤਾਂ ਕੀ ਦਿਨ ਸਮੇਂ ਵੀ ਰਾਹਗੀਰਾਂ ਨੂੰ ਲੰਘਣਾ ਮੁਸ਼ਕਿਲ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਅਨੇਕਾਂ ਵਾਰ ਮੰਤਰੀਆਂ ਤੇ ਉਚ ਅਧਿਕਾਰੀਆਂ ਨੂੰ ਮੰਗ ਪੱਤਰ ਵੀ ਦਿੱਤੇ ਗਏ ਹਨ ਅਤੇ ਇੱਥੋਂ ਤੱਕ ਕਿ ਹੁਸ਼ਿਆਰਪੁਰ-ਫਗਵਾੜਾ ਮਾਰਗ ‘ਤੇ ਚੱਕਾ ਜਾਮ ਕਰਕੇ ਇਸ ਦਾ ਵਿਰੋਧ ਵੀ ਕੀਤਾ ਗਿਆ ਹੈ, ਪ੍ਰੰਤੂ ਇਸ ਦਾ ਵੀ ਸਰਕਾਰੇ ਦਰਬਾਰੇ ਕੋਈ ਅਸਰ ਨਹੀਂ ਹੋਇਆ ਹੈ ਅਤੇ ਦਿਨ-ਰਾਤ ਇਹ ਭਾਰੀ ਵਾਹਨ ਉਸੇ ਤਰ੍ਹਾਂ ਸੜਕ ਤੋਂ ਲੰਘ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਸੜਕ ਮਾਝੇ, ਮਾਲਵੇ ਤੇ ਦੋਆਬੇ ਤੋਂ ਸ੍ਰੀ ਅਨੰਦਪੁਰ ਸਾਹਿਬ ਤੇ ਹੋਰਨਾਂ ਧਾਰਮਿਕ ਸਥਾਨਾਂ ‘ਤੇ ਜਾਣ ਵਾਲੇ ਸ਼ਰਧਾਲੂਆਂ ਲਈ ਨੇੜੇ ਦਾ ਸਫ਼ਰ ਤੈਅ ਕਰਦੀ ਹੈ। ਸੜਕ ਦੇ ਨਾਲ ਚੱਲਣ ਵਾਲੀ ਨਹਿਰ ਦੇ ਦੋਬਾਰਾ ਬਣਨ ਕਾਰਨ ਇਹ ਨਹਿਰ ਚੌੜੀ ਹੋ ਚੁੱਕੀ ਹੈ ਤੇ ਉਸ ਦੇ ਬਰਮ ਤੱਕ ਨਹੀਂ ਹਨ। ਉਨ੍ਹਾਂ ਕਿਹਾ ਕਿ ਸੜਕ ਦੇ ਨਾਲ ਅਨੇਕਾਂ ਸਕੂਲ ਪੈਂਦੇ ਹਨ ਅਤੇ ਬੇਹੱਦ ਟਰੈਫ਼ਿਕ ਹੋਣ ਕਾਰਨ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ। ਇਸ ਦੇ ਨਾਲ ਹੀ ਸੜਕ ਦੇ ਦੋਵੇਂ ਪਾਸੇ ਉੱਗੀ ਭੰਗ, ਗਾਜਰ ਬੂਟੀ ਤੇ ਹੋਰ ਬਨਸਪਤੀ ਕਾਰਨ ਰਾਹਗੀਰਾਂ ਨੂੰ ਦੇਖਣ ‘ਚ ਵੀ ਮੁਸ਼ਕਲ ਪੇਸ਼ ਆਉਂਦੀ ਹੈ। ਉਨ੍ਹਾਂ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਕਤ ਸਮੱਸਿਆ ਦੇ ਹੱਲ ਲਈ ਤੁਰੰਤ ਕਾਰਵਾਈ ਕੀਤੀ ਜਾਵੇ, ਤਾਂ ਜੋ ਆਏ ਦਿਨ ਵਾਪਰ ਰਹੇ ਸੜਕੀ ਹਾਦਸਿਆਂ ਤੋਂ ਲੋਕਾਂ ਨੂੰ ਨਿਜਾਤ ਮਿਲ ਸਕੇ।