ਹਲਕਾ ਵਿਧਾਇਕ ਦੀ ਸ਼ਹਿ ’ਤੇ ਪਿੰਡ ਕੱਕੋਂ ਦੀ ਸਰਪੰਚ ਖ਼ਿਲਾਫ਼ ਕਾਰਵਾਈ ਕਰਨ ਦਾ ਦੋਸ਼
ਹੁਸ਼ਿਆਰਪੁਰ, 16 ਅਕਤੂਬਰ (ਬਲਜਿੰਦਰਪਾਲ ਸਿੰਘ)-ਹਲਕਾ ਸ਼ਾਮਚੁਰਾਸੀ ਅਧੀਨ ਪੈਂਦੇ ਪਿੰਡ ਕੱਕੋਂ ’ਚ ਹਲਕਾ ਵਿਧਾਇਕ ਦੀ ਸ਼ਹਿ ਦੇ ਚੱਲਦਿਆਂ ਬਦਲਾਖੋਰੀ ਦੀ ਰਾਜਨੀਤੀ ਤਹਿਤ ਮਹਿਲਾ ਸਰਪੰਚ ਨੂੰ ਮੁਅੱਤਲ ਕਰਕੇ ਪ੍ਰਬੰਧਕ ਲਗਾਇਆ ਗਿਆ ਹੈ। ਇਹ ਜਾਣਕਾਰੀ ਇਥੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਸੀਨੀਅਰ ਆਗੂ ਐਡਵੋਕੇਟ ਸ਼ਮਸ਼ੇਰ ਸਿੰਘ ਭਾਰਦਵਾਜ ਵਲੋਂ ਪ੍ਰੈੱਸ ਕਾਨਫ਼ਰੰਸ ਦੌਰਾਨ ਦਿੱਤੀ ਗਈ।
ਹੁਸ਼ਿਆਰਪੁਰ, 16 ਅਕਤੂਬਰ (ਬਲਜਿੰਦਰਪਾਲ ਸਿੰਘ)-ਹਲਕਾ ਸ਼ਾਮਚੁਰਾਸੀ ਅਧੀਨ ਪੈਂਦੇ ਪਿੰਡ ਕੱਕੋਂ ’ਚ ਹਲਕਾ ਵਿਧਾਇਕ ਦੀ ਸ਼ਹਿ ਦੇ ਚੱਲਦਿਆਂ ਬਦਲਾਖੋਰੀ ਦੀ ਰਾਜਨੀਤੀ ਤਹਿਤ ਮਹਿਲਾ ਸਰਪੰਚ ਨੂੰ ਮੁਅੱਤਲ ਕਰਕੇ ਪ੍ਰਬੰਧਕ ਲਗਾਇਆ ਗਿਆ ਹੈ। ਇਹ ਜਾਣਕਾਰੀ ਇਥੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਸੀਨੀਅਰ ਆਗੂ ਐਡਵੋਕੇਟ ਸ਼ਮਸ਼ੇਰ ਸਿੰਘ ਭਾਰਦਵਾਜ ਵਲੋਂ ਪ੍ਰੈੱਸ ਕਾਨਫ਼ਰੰਸ ਦੌਰਾਨ ਦਿੱਤੀ ਗਈ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਜਤਿੰਦਰ ਸਿੰਘ ਲਾਲੀ ਬਾਜਵਾ, ਸ਼ਹਿਰੀ ਪ੍ਰਧਾਨ ਸੰਜੀਵ ਤਲਵਾੜ, ਹਲਕਾ ਇੰਚਾਰਜ ਸ਼ਾਮਚੁਰਾਸੀ ਸੰਦੀਪ ਸਿੰਘ ਸੀਕਰੀ ਵੀ ਮੌਜੂਦ ਸਨ। ਇਸ ਮੌਕੇ ਆਗੂਆਂ ਨੇ ਕਥਿਤ ਤੌਰ ’ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਇਕ ਬਲਾਕ ਸੰਮਤੀ ਮੈਂਬਰ ਤੇ ਪਿੰਡ ਕੱਕੋਂ ਦੇ ਹੀ ਇਕ ਹੋਰ ਵਾਸੀ ਵਲੋਂ ਪੰਚਾਇਤ ਨੂੰ ਨਾਜਾਇਜ਼ ਤੌਰ ’ਤੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਪੰਚਾਇਤ ’ਤੇ ਪ੍ਰਬੰਧਕ ਲਗਾ ਕੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਸਾਲ 2025 ’ਚ ਬਲਾਕ ਸੰਮਤੀ ਦੀਆਂ ਚੋਣਾਂ ’ਚ ਹਾਰੇ ਹੋਏ ਪੰਚ ਨੂੰ ਹਲਕਾ ਵਿਧਾਇਕ ਵਲੋਂ ਪਾਰਟੀ ਦਾ ਉਮੀਦਵਾਰ ਬਣਾਇਆ ਅਤੇ ਚੋਣਾਂ ਜਿੱਤਣ ਤੋਂ ਬਾਅਦ ਉਕਤ ਵਿਅਕਤੀ ਰਾਹੀਂ ਝੂਠੀਆਂ ਦਰਖਾਸਤਾਂ ਦੇ ਕੇ ਪੰਚਾਇਤ ਖ਼ਿਲਾਫ਼ ਕਾਰਵਾਈ ਕਰਵਾਈ ਗਈ। ਉਨ੍ਹਾਂ ਕਿਹਾ ਕਿ ਜਿਸ ਦੇ ਚੱਲਦਿਆਂ ਰਾਜਸੀ ਦਬਾਅ ਪਾ ਕੇ 12 ਅਗਸਤ 2026 ਨੂੰ ਡਾਇਰੈਕਟਰ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵਲੋਂ ਮਹਿਲਾ ਸਰਪੰਚ ਅਨੀਤਾ ਰਾਣੀ ਨੂੰ ਮੁਅੱਤਲ ਕਰਵਾ ਦਿੱਤਾ। ਇਸ ਮੌਕੇ ਅਨੀਤਾ ਰਾਣੀ ਤੇ ਪੰਚਾਇਤ ਮੈਂਬਰਾਂ ਨੇ ਦੱਸਿਆ ਕਿ ਉਕਤ ਹੁਕਮਾਂ ’ਚ ਇਹ ਸਪੱਸ਼ਟ ਤੌਰ ’ਤੇ ਲਿਖਿਆ ਗਿਆ ਹੈ ਕਿ ਮੁਅੱਤਲੀ ਤੋਂ ਬਾਅਦ ਕਿਸੇ 1 ਪੰਚਾਇਤ ਮੈਂਬਰ ਨੂੰ ਸਰਪੰਚ ਦਾ ਚਾਰਜ ਦਿੱਤਾ ਜਾਵੇ ਪਰ ਅਜੇ ਤੱਕ ਅਜਿਹਾ ਨਹੀਂ ਕੀਤਾ ਬਲਕਿ ਰਾਜਸੀ ਸ਼ਹਿ ’ਤੇ ਪ੍ਰਬੰਧਕ ਲਗਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ 5 ਅਕਤੂਬਰ ਨੂੰ ਇਸ ਸੰਬੰਧੀ ਇਕ ਲਿਖਤੀ ਸ਼ਿਕਾਇਤ ਡਿਪਟੀ ਕਮਿਸ਼ਨਰ ਨੂੰ ਦਿੱਤੀ ਗਈ ਸੀ, ਜਿਸ ’ਤੇ ਕੋਈ ਕਾਰਵਾਈ ਨਹੀਂ ਹੋਈ। ਇਸ ਮੌਕੇ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਦੁਸਹਿਰੇ ਤੱਕ ਉਕਤ ਮਾਮਲੇ ’ਚ ਬਣਦੀ ਕਾਰਵਾਈ ਨਾ ਕੀਤੀ ਗਈ ਤਾਂ ਸ਼੍ਰੋਮਣੀ ਅਕਾਲੀ ਦਲ (ਬ) ਤੇ ਪਿੰਡ ਵਾਸੀ ਹੁਸ਼ਿਆਰਪੁਰ-ਦਸੂਹਾ ਮਾਰਗ ਮੁਕੰਮਲ ਤੌਰ ’ਤੇ ਬੰਦ ਕਰ ਦੇਣਗੇ।