ਨਾਜਾਇਜ਼ ਖੈਰ ਦੀ ਕਟਾਈ ਖ਼ਿਲਾਫ਼ ਵਣ ਵਿਭਾਗ ਦੀ ਵੱਡੀ ਕਾਰਵਾਈ : ਕਰੋੜਾਂ ਰੁਪਏ ਦੀ ਖੈਰ ਬਰਾਮਦ, ਫ਼ੈਕਟਰੀ ਸੀਲ
ਪਿੰਡ ਸਟਿਆਣਾ ’ ਚ ਚੱਲ ਰਹੀ ਸੀ ਕੱਥਾ ਬਣਾਉਣ ਦੀ ਫ਼ੈਕਟਰੀ
ਹੁਸ਼ਿਆਰਪੁਰ, 18 ਅਗਸਤ (ਬਲਜਿੰਦਰਪਾਲ ਸਿੰਘ,ਹਰਪ੍ਰੀਤ ਕੌਰ)-ਖੈਰ ਦੇ ਦਰੱਖਤਾਂ ਦੀ ਨਾਜਾਇਜ਼ ਕਟਾਈ ਅਤੇ ਵਪਾਰ ਵਿਰੁੱਧ ਵੱਡੀ ਕਾਰਵਾਈ ਕਰਦਿਆਂ ਹੁਸ਼ਿਆਰਪੁਰ ਵਣ ਮੰਡਲ ਵਲੋਂ ਹੁਸ਼ਿਆਰਪੁਰ-ਟਾਂਡਾ ਰੋਡ ’ਤੇ ਪਿੰਡ ਸਟਿਆਣਾ ’ਚ ਸਥਿਤ ਇਕ ਕੱਥਾ ਫ਼ੈਕਟਰੀ ’ਚੋਂ ਵੱਡੀ ਮਾਤਰਾ ’ਚ ਖੈਰ ਦੀ ਲੱਕੜ ਬਰਾਮਦ ਹੋਣ ਉਪਰੰਤ ਫ਼ੈਕਟਰੀ ਨੂੰ ਸੀਲ ਕਰ ਦਿੱਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮੰਡਲ ਵਣ ਅਧਿਕਾਰੀ ਹੁਸ਼ਿਆਰਪੁਰ ਧਰਮਵੀਰ ਦੇੜੂ ਆਈ.
ਹ
ਹੁਸ਼ਿਆਰਪੁਰ-ਟਾਂਡਾ ਰੋਡ ’ਤੇ ਸਥਿਤ ਪਿੰਡ ਸਟਿਆਣਾ ’ਚ ਸਥਿਤ ਫ਼ੈਕਟਰੀ ’ਚੋਂ ਬਰਾਮਦ ਹੋਈ ਖੈਰ ਦੀ ਲੱਕੜ ਸੰਬੰਧੀ ਦਸਤਾਵੇਜ਼ਾਂ ਦੀ ਜਾਂਚ ਕਰਦੇ ਹੋਏ ਵਣ ਵਿਭਾਗ ਦੇ ਅਧਿਕਾਰੀ। (ਹਾਸ਼ੀਏ ‘ਚ) ਫ਼ੈਕਟਰੀ ਨੂੰ ਸੀਲ ਕੀਤੇ ਜਾਣ ਦਾ ਦ੍ਰਿਸ਼।
19-08-2026
ਹੁਸ਼ਿਆਰਪੁਰ, 18 ਅਗਸਤ (ਬਲਜਿੰਦਰਪਾਲ ਸਿੰਘ,ਹਰਪ੍ਰੀਤ ਕੌਰ)-ਖੈਰ ਦੇ ਦਰੱਖਤਾਂ ਦੀ ਨਾਜਾਇਜ਼ ਕਟਾਈ ਅਤੇ ਵਪਾਰ ਵਿਰੁੱਧ ਵੱਡੀ ਕਾਰਵਾਈ ਕਰਦਿਆਂ ਹੁਸ਼ਿਆਰਪੁਰ ਵਣ ਮੰਡਲ ਵਲੋਂ ਹੁਸ਼ਿਆਰਪੁਰ-ਟਾਂਡਾ ਰੋਡ ’ਤੇ ਪਿੰਡ ਸਟਿਆਣਾ ’ਚ ਸਥਿਤ ਇਕ ਕੱਥਾ ਫ਼ੈਕਟਰੀ ’ਚੋਂ ਵੱਡੀ ਮਾਤਰਾ ’ਚ ਖੈਰ ਦੀ ਲੱਕੜ ਬਰਾਮਦ ਹੋਣ ਉਪਰੰਤ ਫ਼ੈਕਟਰੀ ਨੂੰ ਸੀਲ ਕਰ ਦਿੱਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮੰਡਲ ਵਣ ਅਧਿਕਾਰੀ ਹੁਸ਼ਿਆਰਪੁਰ ਧਰਮਵੀਰ ਦੇੜੂ ਆਈ.ਐਸ.ਐਫ. ਨੇ ਦੱਸਿਆ ਕਿ ਵਿਭਾਗ ਵਲੋਂ ਖੈਰ ਦੇ ਦਰੱਖਤਾਂ ਦੀ ਨਾਜਾਇਜ਼ ਕਟਾਈ ਦੀਆਂ ਘਟਨਾਵਾਂ ਨੂੰ ਦੇਖਦਿਆਂ ਹੁਸ਼ਿਆਰਪੁਰ ਵਣ ਮੰਡਲ ਵਲੋਂ ਵਿਸ਼ੇਸ਼ ਗਸ਼ਤ ਤੇ ਨਿਗਰਾਨੀ ਕੀਤੀ ਜਾ ਰਹੀ ਸੀ। ਉਨ੍ਹਾਂ ਦੱਸਿਆ ਕਿ ਹਾਲਹੀ ‘ਚ ਵਿਭਾਗ ਵਲੋਂ ਖੈਰ ਦੀ ਨਾਜਾਇਜ਼ ਕਟਾਈ ਕਰਕੇ ਲਿਜਾ ਰਹੇ 10-12 ਵਾਹਨਾਂ ਨੂੰ ਵੀ ਜ਼ਬਤ ਕੀਤਾ ਜਾ ਚੁੱਕਾ ਹੈ, ਜਿਸ ਸਬੰਧੀ ਜਾਂਚ ਚੱਲ ਰਹੀ ਹੈ। ਉਨ੍ਹਾਂ ਦੱਸਿਆ ਕਿ ਬੀਤੇ ਹਫ਼ਤੇ ਦੌਰਾਨ ਹੁਸ਼ਿਆਰਪੁਰ ਵਣ ਮੰਡਲ ਦੀ ਸਤਿਆਲ ਤੇ ਬਿਛੋਹੀ ਬੀਟ ‘ਚ ਖੈਰ ਦੇ ਦਰੱਖਤਾਂ ਦੀ ਨਾਜਾਇਜ਼ ਕਟਾਈ ਹੋਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਸਨ। ਜਾਂਚ ਦੌਰਾਨ ਵਣ ਵਿਭਾਗ ਦੇ ਕਰਮਚਾਰੀਆਂ ਨੇ ਸੀ.ਸੀ.ਟੀ.ਵੀ. ਫੁਟੇਜ ਦੀ ਜਾਂਚ ਕਰਦਿਆਂ ਇਕ ਸ਼ੱਕੀ ਵਾਹਨ ਦੀਆਂ ਗਤੀਵਿਧੀਆਂ ਦਾ ਪਤਾ ਲਗਾਇਆ, ਜਿਸ ਦੀ ਕੜੀ ਦੀਪਾਂਸ਼ੂ ਮਹਿਤਾ ਨਾਲ ਸਬੰਧਿਤ ਮੈਸਰਜ਼ ਅਮਾਇਰਾ ਹਰਬਜ਼ ਪ੍ਰਾਈਵੇਟ ਲਿਮਟਿਡ ਨਾਂਅ ਦੀ ਇਕ ਕੱਥਾ ਫ਼ੈਕਟਰੀ ਨਾਲ ਜੁੜੀ। ਇਹ ਫ਼ੈਕਟਰੀ ਹੁਸ਼ਿਆਰਪੁਰ ਵਣ ਮੰਡਲ ਦੇ ਕਸਬਾ ਹਰਿਆਣਾ ਰੇਂਜ ਅਧੀਨ ਆਉਂਦੇ ਪਿੰਡ ਸਟਿਆਣਾ ‘ਚ ਸਥਿਤ ਹੈ। ਪ੍ਰਾਪਤ ਸਬੂਤਾਂ ਦੇ ਆਧਾਰ ‘ਤੇ ਵਣ ਵਿਭਾਗ ਤੋਂ ਵੈਂਕਟੇਸ਼ਵਰ ਸ਼ਿਵਾਲੇ ਆਈ.ਐਫ.ਐਸ. ਉਪ ਮੰਡਲ ਵਣ ਅਧਿਕਾਰੀ ਹੁਸ਼ਿਆਰਪੁਰ ਦੀ ਅਗਵਾਈ ‘ਚ ਵਿਭਾਗ ਦੀ ਟੀਮ ਨੇ ਬੀਤੀ ਰਾਤ ਉਕਤ ਫ਼ੈਕਟਰੀ ‘ਚ ਛਾਪਾ ਮਾਰਿਆ। ਉਨ੍ਹਾਂ ਦੱਸਿਆ ਕਿ ਫ਼ੈਕਟਰੀ ‘ਚੋਂ ਵੱਡੀ ਮਾਤਰਾ ‘ਚ ਖੈਰ ਦੀ ਲੱਕੜ ਬਰਾਮਦ ਕੀਤੀ ਗਈ, ਜਿਸ ਦੀ ਕੀਮਤ ਕਰੋੜਾਂ ਰੁਪਏ ਹੋਣ ਦਾ ਅਨੁਮਾਨ ਹੈ। ਉਨ੍ਹਾਂ ਦੱਸਿਆ ਕਿ ਫ਼ੈਕਟਰੀ ਮਾਲਕ ਮੌਕੇ ਤੋਂ ਮਿਲੀ ਖੈਰ ਦੀ ਲੱਕੜ ਸਬੰਧੀ ਕੋਈ ਸਹੀ ਦਸਤਾਵੇਜ਼, ਟਰਾਂਜ਼ਿਟ ਪਾਸ, ਖ਼ਰੀਦ ਰਿਕਾਰਡ ਤੇ ਹੋਰ ਕੋਈ ਵੀ ਕਾਨੂੰਨੀ ਦਸਤਾਵੇਜ਼ ਪੇਸ਼ ਨਹੀਂ ਕਰ ਸਕਿਆ। ਜਿਸ ਤੋਂ ਬਾਅਦ ਫ਼ੈਕਟਰੀ ‘ਚੋਂ ਮਿਲੀ ਖੈਰ ਦੀ ਲੱਕੜ ਨੂੰ ਸੀਲ ਕਰਕੇ ਜ਼ਬਤ ਕਰ ਲਿਆ ਗਿਆ। ਉਨ੍ਹਾਂ ਦੱਸਿਆ ਕਿ ਇੰਨੀ ਵੱਡੀ ਮਾਤਰਾ ‘ਚ ਮਿਲੀ ਖੈਰ ਦੀ ਲੱਕੜ ਨੂੰ ਦੇਖਦਿਆਂ ਵਿਭਾਗ ਇਸ ਪਹਿਲੂ ਤੋਂ ਵੀ ਜਾਂਚ ਕਰ ਰਿਹਾ ਹੈ ਕਿ ਇਹ ਲੱਕੜ ਆਲੇ-ਦੁਆਲੇ ਦੇ ਵਣ ਮੰਡਲਾਂ ਅਤੇ ਹਿਮਾਚਲ ਪ੍ਰਦੇਸ਼ ਤੋਂ ਵੀ ਲਿਆਂਦੀ ਤਾਂ ਨਹੀਂ ਗਈ। ਉਨ੍ਹਾਂ ਦੱਸਿਆ ਕਿ ਵੱਡੀ ਮਾਤਰਾ ‘ਚ ਨਾਜਾਇਜ਼ ਖੈਰ ਦੀ ਲੱਕੜ ਬਰਾਮਦ ਕਰਨ ਤੋਂ ਬਾਅਦ ਫ਼ੈਕਟਰੀ ਨੂੰ ਸੀਲ ਕਰ ਦਿੱਤਾ ਗਿਆ ਹੈ। ਵਿਭਾਗ ਵਲੋਂ ਅਗਲੀ ਜਾਂਚ ਕੀਤੀ ਜਾ ਰਹੀ ਹੈ। ਇਸ ਕਾਰਵਾਈ ਦੌਰਾਨ ਕਿਰਨਦੀਪ ਸਿੰਘ, ਜਸਪਾਲ ਸਿੰਘ, ਅਮਰਵੀਰ ਸਿੰਘ, ਕੁਲਦੀਪ ਸਿੰਘ, ਬਲਵੰਤ ਕੁਮਾਰ, ਬਲਦੇਵ ਗਜ਼, ਜਸਵਿੰਦਰ ਸਿੰਘ, ਲਵਪ੍ਰੀਤ ਸਿੰਘ, ਗੁਰਵਿੰਦਰ ਸਿੰਘ, ਆਕਾਸ਼ ਅੰਗਰੂਲਾ, ਗੁਰਪ੍ਰੀਤ ਸਿੰਘ ਸਮੇਤ ਵਣ ਵਿਭਾਗ ਦਾ ਸਟਾਫ਼ ਮੌਜੂਦ ਸੀ। ਦੂਸਰੇ ਪਾਸੇ ਫ਼ੈਕਟਰੀ ਦੇ ਮਾਲਕ ਦੀਪਾਂਸ਼ੂ ਮਹਿਤਾ ਨੇ ਦੱਸਿਆ ਕਿ ਇਹ ਸਾਰਾ ਮਾਲ ਬਿੱਲ ਤੇ ਪਰਮਿਟ ਦੇਖ ਕੇ ਖ਼ਰੀਦਿਆ ਜਾਂਦਾ ਹੈ ਅਤੇ ਫ਼ੈਕਟਰੀ ਪਿਛਲੇ ਦੋ-ਢਾਈ ਮਹੀਨਿਆਂ ਤੋਂ ਬੰਦ ਹੈ, ਜੋ ਲੱਕੜ ਅੰਦਰ ਪਈ ਹੈ, ਉਹ ਪੁਰਾਣੀ ਤੇ ਕੱਥਾ ਵੀ ਕਰੀਬ ਦੋ-ਢਾਈ ਮਹੀਨੇ ਪੁਰਾਣਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਸਾਰਾ ਰਿਕਾਰਡ ਵਿਭਾਗ ਨੂੰ ਦੇ ਦਿੱਤਾ ਹੈ ਅਤੇ ਜਾਂਚ ‘ਚ ਵਿਭਾਗ ਦਾ ਪੂਰਾ ਸਹਿਯੋਗ ਕੀਤਾ ਜਾਵੇਗਾ।