ਬਾਰਾਪੁਰ ਦੇ ਜੰਗਲ ’ਚ ਧੜੱਲੇ ਨਾਲ ਹੋ ਰਹੀ ਨਾਜਾਇਜ਼ ਮਾਈਨਿੰਗ, ਵਿਭਾਗ ਖ਼ਾਮੋਸ਼
ਬੀਣੇਵਾਲ, 17 ਅਗਸਤ (ਬੈਜ ਚੌਧਰੀ)- ਬੀਤ ਇਲਾਕੇ ਦੇ ਪਿੰਡ ਬਾਰਾਪੁਰ ਦੇ ਪੰਚਾਇਤੀ ਜੰਗਲ ਵਿਚ ਧੜੱਲੇ ਨਾਲ ਨਾਜਾਇਜ਼ ਮਾਈਨਿੰਗ ਹੋ ਰਹੀ ਹੈ। ਇਸ ਸਬੰਧੀ ਗਰਾਮ ਪੰਚਾਇਤ ਵਲੋਂ ਸਬੰਧਿਤ ਵਿਭਾਗਾਂ (ਵਣ ਵਿਭਾਗ ਤੇ ਮਾਈਨਿੰਗ ਵਿਭਾਗ) ਨੂੰ ਸ਼ਿਕਾਇਤ ਕਰਨ ਦੇ ਬਾਵਜੂਦ ਵੀ ਕੋਈ ਕਾਰਵਾਈ ਨਹੀਂ ਹੋ ਰਹੀ ਜਦਕਿ ਪੰਚਾਇਤ ਵਲੋਂ ਲਿਖਤੀ ਸ਼ਿਕਾਇਤ ਕੀਤੀ ਗਈ ਹੈ।
ਬ
ਬਾਰਾਪੁਰ ਦੇ ਜੰਗਲ ‘ਚ ਨਾਜਾਇਜ਼ ਮਾਈਨਿੰਗ ’ਚ ਲੱਗੀ ਮਸ਼ੀਨਰੀ ਤੇ ਪੁੱਟੀ ਪਹਾੜੀ ਦੀ ਤਸਵੀਰ।
18-08-2026
ਬੀਣੇਵਾਲ, 17 ਅਗਸਤ (ਬੈਜ ਚੌਧਰੀ)- ਬੀਤ ਇਲਾਕੇ ਦੇ ਪਿੰਡ ਬਾਰਾਪੁਰ ਦੇ ਪੰਚਾਇਤੀ ਜੰਗਲ ਵਿਚ ਧੜੱਲੇ ਨਾਲ ਨਾਜਾਇਜ਼ ਮਾਈਨਿੰਗ ਹੋ ਰਹੀ ਹੈ। ਇਸ ਸਬੰਧੀ ਗਰਾਮ ਪੰਚਾਇਤ ਵਲੋਂ ਸਬੰਧਿਤ ਵਿਭਾਗਾਂ (ਵਣ ਵਿਭਾਗ ਤੇ ਮਾਈਨਿੰਗ ਵਿਭਾਗ) ਨੂੰ ਸ਼ਿਕਾਇਤ ਕਰਨ ਦੇ ਬਾਵਜੂਦ ਵੀ ਕੋਈ ਕਾਰਵਾਈ ਨਹੀਂ ਹੋ ਰਹੀ ਜਦਕਿ ਪੰਚਾਇਤ ਵਲੋਂ ਲਿਖਤੀ ਸ਼ਿਕਾਇਤ ਕੀਤੀ ਗਈ ਹੈ। ਸੰਤੋਸ਼ ਕੁਮਾਰੀ ਸਰਪੰਚ, ਸੁਰਿੰਦਰ ਪਾਲ ਸਾਬਕਾ ਸਰਪੰਚ, ਪ੍ਰਕਾਸ਼ ਸਿੰਘ ਨੰਬਰਦਾਰ, ਮਨਦੀਪ ਕੌਰ ਪੰਚ, ਨਿਰਮਲ ਸਿੰਘ ਪੰਚ, ਪਰਗਣ ਸਿੰਘ ਪੰਚ, ਸ਼ਿਵਾਨੀ ਪੰਚ, ਸੁਰਿੰਦਰ ਕੁਮਾਰ ਪੰਚ ਨੇ 15 ਅਗਸਤ ਨੂੰ ਭੇਜੀ ਸ਼ਿਕਾਇਤ ਵਿਚ ਦੋਸ਼ ਲਗਾਇਆ ਕਿ ਉਨ੍ਹਾਂ ਦੇ ਪਿੰਡ ਦੇ ਜੰਗਲ ਵਿਚ ਪੈਂਦੀ ਸ਼ਾਮਲਾਤ ਜ਼ਮੀਨ ਵਿਚ ਨਾਲ ਲੱਗਦੇ ਫਾਰਮਾਂ ਵਾਲੇ ਨਾਜਾਇਜ਼ ਮਾਈਨਿੰਗ ਕਰਦੇ ਹਨ। ਪੰਚਾਇਤ ਦਾ ਦੋਸ਼ ਹੈ ਕਿ ਜਦ ਉਹ ਇਸ ਨਾਜਾਇਜ਼ ਮਾਈਨਿੰਗ ਨੂੰ ਰੋਕਦੇ ਹਨ ਤਾਂ ਉਨ੍ਹਾਂ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦਿੰਦੇ ਹਨ। ਇਹ ਨਾਜਾਇਜ਼ ਮਾਈਨਿੰਗ ਜੰਗਲਾਤ ਐਕਟ ਦੀ ਧਾਰਾ ਚਾਰ ਤੇ ਪੰਜ ਦੀ ਉਲੰਘਣਾ ਕਰਕੇ ਕੀਤੀ ਜਾ ਰਹੀ ਹੈ। ਗਰਾਮ ਪੰਚਾਇਤ ਦੀ ਮੰਗ ਹੈ ਕਿ ਨਾਜਾਇਜ਼ ਮਾਈਨਿੰਗ ਰੋਕੀ ਜਾਵੇ ਤੇ ਨਾਜਾਇਜ਼ ਮਾਈਨਿੰਗ ਕਰਨ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ। ਸਮਾਚਾਰ ਲਿਖੇ ਜਾਣ ਤੱਕ ਮਾਈਨਿੰਗ ਜਾਂ ਵਣ ਵਿਭਾਗ ਦਾ ਕੋਈ ਕਰਮਚਾਰੀ/ਅਧਿਕਾਰੀ ਕਾਰਵਾਈ ਕਰਨ ਲਈ ਮੌਕੇ ‘ਤੇ ਨਹੀ ਪਹੁੰਚਿਆ। ਇਸ ਸੰਬੰਧੀ ਸਰਪੰਚ ਸੰਤੋਸ਼ ਕੁਮਾਰੀ ਨੇ ਕਿਹਾ ਕਿ ਜੇਕਰ ਨਾਜਾਇਜ਼ ਮਾਈਨਿੰਗ ਤੁਰੰਤ ਬੰਦ ਨਾ ਹੋਈ ਤਾਂ ਉਹ ਪਿੰਡ ਵਾਸੀਆਂ ਨੂੰ ਨਾਲ ਲੈ ਕੇ ਗੜ੍ਹਸ਼ੰਕਰ-ਨੰਗਲ ਰੋਡ ’ਤੇ ਧਰਨਾ ਦੇਣਗੇ ਅਤੇ ਪੰਚਾਇਤੀ ਰਕਬੇ ਦੀ ਮਿਣਤੀ ਕਰਵਾ ਕੇ ਹਾਈ ਕੋਰਟ ਦਾ ਦਰਵਾਜਾ ਖੜਕਾਉਣਗੇ।