ਘੁਮਾਣ, 20 ਅਕਤੂਬਰ (ਬੰਮਰਾਹ)-ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਨਸ਼ਿਆਂ ਖ਼ਿਲਾਫ਼ ਲੜਦਿਆਂ ਮਾਰੇ ਗਏ ਬਿਕਰਮਜੀਤ ਸਿੰਘ ਦੇ ਗ੍ਰਹਿ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਮਾੜੀ ਪੰਨੂਆ ਵਿਖੇ ਪੁੱਜ ਕੇ ਪਰਿਵਾਰ ਨਾਲ ਦੁੱਖ ਪ੍ਰਗਟ ਕੀਤਾ ਤੇ ਪਰਿਵਾਰ ਨੂੰ ਮਾਮਲੇ ਦੀ ਸੀ. ਬੀ. ਆਈ. ਜਾਂਚ ਕਰਵਾਉਣ ਅਤੇ ਇਨਸਾਫ਼ ਦਿਵਾਉਣ ਦਾ ਭਰੋੇਸਾ ਦਿਵਾਇਆ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੰਗਰੂਰ ਅਤੇ ਮਾਨਸਾ ਦੇ ਨਾਲ-ਨਾਲ ਗੁਰਦਾਸਪੁਰ ਜ਼ਿਲ੍ਹੇ ਦਾ ਵੀ ਦੌਰਾ ਕੀਤਾ। ਅਮਿਤ ਸ਼ਾਹ ਦਾ ਹੈਲੀਕਾਪਟਰ ਸ੍ਰੀ ਹਰਗੋਬਿੰਦਪੁਰ ਵਿਖੇ ਟਾਂਡਾ ਰੋਡ ’ਤੇ ਸਥਿਤ ਹੋਲੀ ਫੈਮਿਲੀ ਕਾਨਵੈਂਟ ਸਕੂਲ ਦੇ ਖੇਡ ਮੈਦਾਨ ’ਚ ਉਤਾਰਿਆ ਗਿਆ। ਗ੍ਰਹਿ ਮੰਤਰੀ ਅਮਿਤ ਸ਼ਾਹ, ਬਿਕਰਮਜੀਤ ਸਿੰਘ ਦੇ ਘਰ ਪੁੱਜੇ, ਜਿਥੇ ਉਨ੍ਹਾਂ ਨੇ ਉਨ੍ਹਾਂ ਦੀ ਮਾਤਾ ਸੁਰਜੀਤ ਕੌਰ, ਭੈਣ ਦਵਿੰਦਰ ਕੌਰ, ਭਾਣਜੀ ਰੋਜ਼ਦੀਪ ਕੌਰ ਅਤੇ ਹੋਰ ਪਰਿਵਾਰਕ ਮੈਂਬਰਾਂ ਨਾਲ ਦੁੱਖ ਦਾ ਇਜ਼ਹਾਰ ਕੀਤਾ। ਇਸ ਮੌਕੇ ਪਰਿਵਾਰਕ ਮੈਂਬਰਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਬਿਕਰਮਜੀਤ ਸਿੰਘ ਦਾ ਕਤਲ ਨਸ਼ਾ ਵੇਚਣ ਵਾਲਿਆਂ ਵਲੋਂ ਇਸ ਕਰ ਕੇ ਕੀਤਾ ਗਿਆ, ਕਿਉਂਕਿ ਉਹ ਉਨ੍ਹਾਂ ਨੂੰ ਨਸ਼ਾ ਵੇਚਣ ਤੋਂ ਰੋਕਦਾ ਸੀ। ਮਾਤਾ ਸੁਰਜੀਤ ਕੌਰ ਨੇ ਕਿਹਾ ਕਿ ਪਰਵਿੰਦਰ ਸਿੰਘ ਝੋਟਾ ਵੀ ਨਸ਼ਿਆਂ ਖ਼ਿਲਾਫ਼ ਲੜਦਾ ਸ਼ਹੀਦ ਹੋ ਗਿਆ ਤੇ ਮੇਰਾ ਪੁੱਤ ਵੀ ਛੋਟਾ ਝੋਟਾ ਹੈ, ਜੋ ਕਿ ਨਸ਼ਿਆਂ ਖ਼ਿਲਾਫ਼ ਲੜਦਾ ਸ਼ਹੀਦ ਹੋਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ’ਚੋਂ ਨਸ਼ਾ ਖਤਮ ਕਰਨ ਲਈ ਕੇਂਦਰ ਸਰਕਾਰ ਉਪਰਾਲਾ ਕਰੇ, ਨਾਲ ਹੀ ਪਰਿਵਾਰਕ ਮੈਂਬਰਾਂ ਨੇ ਇਸ ਕੇਸ ਦੀ ਵੀ ਸੀ.ਬੀ.ਆਈ. ਜਾਂਚ ਦੀ ਮੰਗ ਕੀਤੀ ਨਾਲ ਹੀ ਪਰਿਵਾਰ ਦੇ ਇਕ ਜੀਅ ਨੂੰ ਨੌਕਰੀ ਦੇਣ ਦੀ ਗੱਲ ਕਹੀ। ਗ੍ਰਹਿ ਮੰਤਰੀ ਨੇ ਭਰੋਸਾ ਦਿਵਾਇਆ ਕਿ ਇਸ ਕੇਸ ਦੀ ਵੀ ਸੀ.ਬੀ.ਆਈ. ਜਾਂਚ ਹੋਵੇਗੀ ਅਤੇ ਪਰਿਵਾਰ ਨੂੰ ਇਨਸਾਫ਼ ਦਿਵਾਇਆ ਜਾਵੇਗਾ। ਨਾਲ ਉਨ੍ਹਾਂ ਪਰਿਵਾਰ ਦੀ ਹਰ ਸੰਭਵ ਮਦਦ ਦਾ ਭਰੋਸਾ ਵੀ ਦਿੱਤਾ। ਅਮਿਤ ਸ਼ਾਹ ਤਕਰੀਬਨ 10 ਮਿੰਟ ਪਰਿਵਾਰ ਕੋਲ ਬੈਠੇ ਤੇ ਵਾਪਸ ਮੁੜ ਹੈਲੀਪੈਡ ਲਈ ਰਵਾਨਾ ਹੋ ਗਏ। ਗ੍ਰਹਿ ਮੰਤਰੀ ਦੀ ਇਸ ਫੇਰੀ ਦੌਰਾਨ ਮੀਡੀਆ ਨੂੰ ਬਿਕਰਮਜੀਤ ਸਿੰਘ ਦੇ ਘਰ ਤੋਂ ਕਾਫੀ ਦੂਰ ਇਕ ਸਕੂਲ ’ਚ ਡੱਕੀ ਰੱਖਿਆ। ਅਮਿਤ ਸ਼ਾਹ ਦੇ ਜਾਣ ਉਪਰੰਤ ਮੀਡੀਆ ਵਲੋਂ ਪਰਿਵਾਰ ਨਾਲ ਗੱਲਬਾਤ ਕੀਤੀ ਗਈ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਅਦਿਤਿਆ ਉੱਪਲ ਗੁਰਦਾਸਪੁਰ, ਡੀ.ਆਈ.ਜੀ. ਗੁਰਪ੍ਰੀਤ ਸਿੰਘ ਭੁੱਲਰ, ਐਸ.ਐਸ.ਪੀ. ਡਾਕਟਰ ਮਹਿਤਾਬ ਸਿੰਘ ਬਟਾਲਾ ਤੋਂ ਇਲਾਵਾ ਭਾਜਪਾ ਪੰਜਾਬ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ, ਅਸ਼ਵਨੀ ਸ਼ਰਮਾ ਸਾਬਕਾ ਪ੍ਰਧਾਨ, ਵਿਜੇ ਸਾਂਪਲਾ ਸਾਬਕਾ ਕੇਂਦਰੀ ਰਾਜ ਮੰਤਰੀ, ਜ਼ਿਲ੍ਹਾ ਪ੍ਰਧਾਨ ਹਰਸਿਮਰਨ ਸਿੰਘ ਵਾਲੀਆ, ਰਜੇਸ਼ ਬੱਗਾ ਜਨਰਲ ਸਕੱਤਰ, ਬਲਜਿੰਦਰ ਸਿੰਘ ਦਕੋਹਾ, ਲਾਜਵੰਤ ਸਿੰਘ ਲਾਟੀ, ਜਤਿੰਦਰ ਕਲਿਆਣ, ਨਵਤੇਜ ਸਿੰਘ ਚੀਮਾ, ਪਲਵਿੰਦਰ ਸਿੰਘ ਚੀਮਾ, ਰਛਪਾਲ ਸਿੰਘ ਬਾਠ, ਸੁਖਵਿੰਦਰ ਸਿੰਘ ਤੇ ਬਿਕਰਮਜੀਤ ਸਿੰਘ ਦੇ ਰਿਸ਼ਤੇਦਾਰ ਤੇ ਪਿੰਡ ਵਾਸੀ ਹਾਜ਼ਰ ਸਨ।
ਜ਼ਿਕਰਯੋਗ ਹੈ ਕਿ ਪਿੰਡ ਮਾੜੀ ਪੰਨੂਆ ਵਿਖੇ ਬੀਤੇ ਦਿਨੀਂ ਪਿੰਡ ਦੇ ਹੀ ਕੁਝ ਲੋਕਾਂ ਨੇ ਬਿਕਰਮਜੀਤ ਸਿੰਘ, ਨਿਸ਼ਾਨ ਸਿੰਘ ਅਤੇ ਗੁਰਮੁਖ ਸਿੰਘ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਗੰਭੀਰ ਜ਼ਖਮੀ ਕਰ ਦਿੱਤਾ ਸੀ, ਜਿਸ ਤੋਂ ਬਾਅਦ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਬਿਕਰਮਜੀਤ ਸਿੰਘ ਦੀ ਮੌਤ ਹੋ ਗਈ ਸੀ। ਨਿਸ਼ਾਨ ਸਿੰਘ ਅਤੇ ਗੁਰਮੁਖ ਸਿੰਘ ਗੰਭੀਰ ਹਾਲਤ ’ਚ ਬਟਾਲਾ ਦੇ ਹਸਪਤਾਲ ’ਚ ਇਲਾਜ ਅਧੀਨ ਹਨ, ਜਿਸ ਤੋਂ ਬਾਅਦ ਥਾਣਾ ਸ੍ਰੀ ਹਰਗੋਬਿੰਦਪੁਰ ਦੀ ਪੁਲਿਸ ਨੇ ਨਿਸ਼ਾਨ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਪੱਤੀ ਅਨਗੜ੍ਹ ਮਾੜੀ ਪੰਨੂਆ ਦੇ ਬਿਆਨਾਂ ’ਤੇ 6 ਵਿਅਕਤੀਆਂ ਖ਼ਿਲਾਫ਼ ਕਤਲ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਦਿੱਤਾ ਗਿਆ ਸੀ, ਜਿਸ ਵਿਚ ਇਸ ਕਤਲ ਦੀ ਵਜ੍ਹਾ ਮੋਬਾਇਲ ਫੋਨ ਚੋਰੀ ਹੋਣ ਦੀ ਗੱਲ ਦੱਸੀ ਜਾ ਰਹੀ ਸੀ, ਪਰ ਬਿਕਰਮਜੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਇਸ ਮਸਲੇ ਦੀ ਅਸਲੀ ਵਜ੍ਹਾ ਪਿੰਡ ’ਚ ਵਿਕ ਰਹੇ ਨਸ਼ੇ ਨੂੰ ਦੱਸਿਆ। ਉਨ੍ਹਾਂ ਕਿਹਾ ਕਿ ਬਿਕਰਮਜੀਤ ਸਿੰਘ ਅਤੇ ਉਸ ਦੇ ਸਾਥੀ ਇਨ੍ਹਾਂ ਨਸ਼ਾ ਵੇਚਣ ਵਾਲਿਆਂ ਨੂੰ ਰੋਕਦੇ ਸਨ, ਜਿਸ ਕਰ ਕੇ ਉਨ੍ਹਾਂ ਨੇ ਸਾਡੇ ਪੁੱਤ ਨੂੰ ਮਾਰ ਦਿੱਤਾ। ਇਸ ਮਸਲੇ ਨੇ ਉਸ ਵੇਲੇ ਨਵਾਂ ਮੋੜ ਲੈ ਲਿਆ, ਜਦੋਂ ਕੁਝ ਮੀਡੀਆ ਰਿਪੋਰਟਾਂ ਨੇ ਇਸ ਕਤਲ ਕੇਸ ਨੂੰ ਵੀ ਪਰਵਿੰਦਰ ਸਿੰਘ ਝੋਟੇ ਦੇ ਕਤਲ ਵਰਗਾ ਹੀ ਦੱਸਿਆ, ਜਿਸ ਤੋਂ ਬਾਅਦ ਭਾਜਪਾ ਵਲੋਂ ਇਸ ਮਸਲੇ ਨੂੰ ਜ਼ੋਰਦਾਰ ਤਰੀਕੇ ਨਾਲ ਉਠਾਇਆ ਗਿਆ ਸੀ।
ਬਿਕਰਮਜੀਤ ਸਿੰਘ ਦੇ ਪਰਿਵਾਰ ਨੂੰ ਹਰ ਸੰਭਵ ਮਦਦ ਦਾ ਭਰੋਸਾ ਗੁਰਦਾਸਪੁਰ ਦੇ ਪਿੰਡ ਮਾੜੀ ਪੰਨੂਆਂ ਵਿਖੇ ਪੁੱਜੇ ਗ੍ਰਹਿ ਮੰਤਰੀ
ਬਿਕਰਮਜੀਤ ਸਿੰਘ ਦੇ ਪਰਿਵਾਰ ਨੂੰ ਹਰ ਸੰਭਵ ਮਦਦ ਦਾ ਭਰੋਸਾ ਗੁਰਦਾਸਪੁਰ ਦੇ ਪਿੰਡ ਮਾੜੀ ਪੰਨੂਆਂ ਵਿਖੇ ਪੁੱਜੇ ਗ੍ਰਹਿ ਮੰਤਰੀ
ਅਜੀਤ ਡੈਸਕ
21-10-2026