ਨਿਊਯਾਰਕ, 28 ਨਵੰਬਰ (ਰਾਜੂ ਸਹਿਬਾਜ਼ਪੁਰਾ)-ਨਿਊਯਾਰਕ ਸੂਬਾਈ ਸੈਨੇਟ ਦੀ ਬਹੁਮਤ ਆਗੂ ਐਂਡਰੀਆ ਸਟੀਵਰਟ-ਕਜ਼ਨਜ਼ ਦਾ 76 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦੇ ਦਫ਼ਤਰ ਨੇ ਮੌਤ ਦੀ ਪੁਸ਼ਟੀ ਕੀਤੀ ਹੈ, ਪਰ ਕਾਰਨ ਬਾਰੇ ਜਾਣਕਾਰੀ ਨਹੀਂ ਦਿੱਤੀ। ਡੈਮੋਕ੍ਰੈਟਿਕ ਪਾਰਟੀ ਨਾਲ ਸੰਬੰਧਿਤ ਸਟੀਵਰਟ-ਕਜ਼ਨਜ਼ ਵੈਸਟਚੈਸਟਰ ਕਾਊਂਟੀ ਦੇ 35ਵੇਂ ਹਲਕੇ ਦੀ ਨੁਮਾਇੰਦਗੀ ਕਰਦੀਆਂ ਸਨ।
ਉਹ 2006 ਵਿਚ ਸੈਨੇਟ ਲਈ ਚੁਣੀਆਂ ਗਈਆਂ ਤੇ 2019 ਵਿਚ ਬਹੁਮਤ ਆਗੂ ਬਣੀਆਂ। ਇਹ ਅਹੁਦਾ ਸੰਭਾਲਣ ਵਾਲੀ ਪਹਿਲੀ ਔਰਤ ਅਤੇ ਪਹਿਲੀ ਅਫ਼ਰੀਕੀ ਮੂਲ ਦੀ ਅਮਰੀਕੀ ਔਰਤ ਵਜੋਂ ਉਨ੍ਹਾਂ ਸੂਬੇ ਦੀ ਸਿਆਸਤ ਵਿੱਚ ਇਤਿਹਾਸ ਰਚਿਆ। ਉਨ੍ਹਾਂ ਦੀ ਅਗਵਾਈ ਹੇਠ ਵੋਟ ਦੇ ਹੱਕਾਂ, ਅਗਾਊਂ ਵੋਟਿੰਗ, ਕਿਰਾਏਦਾਰਾਂ ਦੀ ਸੁਰੱਖਿਆ, ਹਥਿਆਰਾਂ ਉੱਤੇ ਨਿਯੰਤਰਣ ਅਤੇ ਪੁਲਿਸ ਦੀ ਜਵਾਬਦੇਹੀ ਨਾਲ ਜੁੜੇ ਅਹਿਮ ਕਾਨੂੰਨ ਅੱਗੇ ਵਧੇ। ਵੱਖ-ਵੱਖ ਵਿਚਾਰਾਂ ਵਾਲੇ ਮੈਂਬਰਾਂ ਨੂੰ ਇਕੱਠੇ ਰੱਖਣਾ ਉਨ੍ਹਾਂ ਦੀ ਖ਼ਾਸ ਪਛਾਣ ਸੀ। ਹਾਲੀਆ ਚੋਣਾਂ ਵਿਚ ਜਿੱਤ ਮਗਰੋਂ ਸਾਥੀ ਮੈਂਬਰਾਂ ਨੇ ਉਨ੍ਹਾਂ ਨੂੰ ਮੁੜ ਆਗੂ ਚੁਣਿਆ ਸੀ।
ਗਵਰਨਰ ਕੈਥੀ ਹੋਕਲ, ਵੈਸਟਚੈਸਟਰ ਕਾਊਂਟੀ ਦੇ ਮੁਖੀ ਕੇਨ ਜੈਨਕਿਨਜ਼, ਨਿਊਯਾਰਕ ਸਿਟੀ ਕੌਂਸਲ ਦੀ ਸਪੀਕਰ ਜੂਲੀ ਮੈਨਿਨ, ਨਾਗਰਿਕ ਹੱਕਾਂ ਦੇ ਆਗੂ ਰੈਵਰੈਂਡ ਐਲ ਸ਼ਾਰਪਟਨ, ਸਾਬਕਾ ਗਵਰਨਰ ਐਂਡਰਿਊ ਕੁਓਮੋ ਅਤੇ ਨਿਊਯਾਰਕ ਰਿਪਬਲਿਕਨ ਪਾਰਟੀ ਨੇ ਉਨ੍ਹਾਂ ਦੇ ਦਿਹਾਂਤ ਉੱਤੇ ਦੁੱਖ ਪ੍ਰਗਟ ਕਰਦਿਆਂ ਜਨਤਕ ਸੇਵਾ ’ਚ ਉਨ੍ਹਾਂ ਦੇ ਯੋਗਦਾਨ ਨੂੰ ਯਾਦ ਕੀਤਾ।