28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਯੂ.ਕੇ. ’ਚ ‘ਸਿੱਖ ਰਿਕਵਰੀ ਨੈਟਵਰਕ’ ਦੀ 10ਵੀਂ ਵਰ੍ਹੇਗੰਢ ਸਮਾਗਮ ਚ ਜਥੇਦਾਰ ਗੜਗੱਜ ਵਲੋਂ ਸ਼ਮੂਲੀਅਤ

ਅੰਮ੍ਰਿਤਸਰ, 28 ਅਕਤੂਬਰ (ਹਰਿੰਦਰ ਸਿੰਘ) - - ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਯੂ.ਕੇ. ਅਧਾਰਤ...

Ad Position 21
No active advertisement
ਅਜੀਤ ਡੈਸਕ 28-10-2026

ਅੰਮ੍ਰਿਤਸਰ, 28 ਅਕਤੂਬਰ (ਹਰਿੰਦਰ ਸਿੰਘ) -  - ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਯੂ.ਕੇ. ਅਧਾਰਤ ਸੰਸਥਾ ‘ਸਿੱਖ ਰਿਕਵਰੀ ਨੈਟਵਰਕ’ ਜੋ ਨਸ਼ੇ ਤੋਂ ਪੀੜਤ ਲੋਕਾਂ ਨੂੰ ਵਾਪਸ ਮੁੱਖ ਧਾਰਾ ਵਿਚ ਜੋੜਨ ਦਾ ਕਾਰਜ ਕਰਦੀ ਹੈ, ਦੇ 10ਵੀਂ ਵਰ੍ਹੇਗੰਢ ਸਮਾਗਮ ਵਿਚ ਸ਼ਮੂਲੀਅਤ ਕੀਤੀ। ਇਹ ਸਮਾਗਮ ਯੂ.ਕੇ. ਦੀ ਸੰਸਦ ਅੰਦਰ ਹੋਇਆ। ਇਸ ਦੌਰਾਨ ਵੱਖ-ਵੱਖ ਬੁਲਾਰਿਆਂ ਅਤੇ ਨਸ਼ਾ ਛੱਡ ਕੇ ਮੁੱਖ ਧਾਰਾ ਵਿਚ ਜੁੜਣ ਵਾਲੇ ਕੁਝ ਵਿਅਕਤੀਆਂ ਨੇ ਆਪਣੇ ਵਿਚਾਰ ਰੱਖੇ ਅਤੇ ਅਜਿਹੇ ਉਪਰਾਲਿਆਂ ਦੀ ਲੋੜ ਤੇ ਮਹੱਤਤਾ ਉੱਤੇ ਜ਼ੋਰ ਦਿੱਤਾ।
ਇਸ ਸਮਾਗਮ ਦੌਰਾਨ ਮਾਨਸਾ ਵਿਚ ਨਸ਼ਿਆਂ ਵਿਰੁੱਧ ਸੰਘਰਸ਼ ਕਰਦਿਆਂ ਸ਼ਹੀਦ ਹੋਏ ਭਾਈ ਪਰਵਿੰਦਰ ਸਿੰਘ ਝੋਟਾ ਨੂੰ ਯਾਦ ਕਰਦਿਆਂ ਮੂਲ-ਮੰਤਰ ਦੇ ਜਾਪ ਕੀਤੇ ਗਏ ਅਤੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਉਨ੍ਹਾਂ ਦੇ ਕਤਲ ਮਾਮਲੇ ਵਿਚ ਇਨਸਾਫ਼ ਅਤੇ ਪੰਜਾਬ ਦੇ ਨੌਜਵਾਨਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ। ਇਸ ਮੌਕੇ ਸ਼ਹੀਦ ਭਾਈ ਪਰਵਿੰਦਰ ਸਿੰਘ ਝੋਟਾਦੇ ਸੰਘਰਸ਼ ਦੀ ਸ਼ਲਾਘਾ ਕੀਤੀ ਗਈ। 
ਸਮਾਗਮ ਦੌਰਾਨ ਸੰਬੋਧਨ ਕਰਦਿਆਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਿੱਖ ਰਿਕਵਰੀ ਨੈਟਵਰਕ ਦੀ ਉਪਰਾਲਿਆਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਅਜਿਹੇ ਉੱਦਮ ਪੰਜਾਬ ਅੰਦਰ ਨਸ਼ਿਆਂ ਦੀ ਸਮੱਸਿਆ ਨਾਲ ਨਜਿੱਠਣ ਲਈ ਸਾਂਝੇ ਤੌਰ ਉੱਤੇ ਕਿਵੇਂ ਲਾਗੂ ਕੀਤੇ ਜਾ ਸਕਦੇ ਹਨ ਇਸ ਬਾਰੇ ਵਿਚਾਰ ਚਰਚਾ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸੰਸਥਾ ਵਲੋਂ ਬਹੁਤ ਹੀ ਮਹੱਤਵਪੂਰਨ ਕਾਰਜ ਕੀਤੇ ਜਾ ਰਹੇ ਹਨ ਜਿਸ ਨਾਲ ਪੀੜਤ ਪਰਿਵਾਰਾਂ ਦੀ ਭਲਾਈ ਹੋ ਰਹੀ ਹੈ। ਨਸ਼ਿਆਂ ਦੀ ਦਲਦਲ ਵਿਚੋਂ ਬਹੁਤ ਹੀ ਮਜ਼ਬੂਤ ਤੇ ਸਮਰਪਿਤ ਇੱਛਾ ਸ਼ਕਤੀ ਨਾਲ ਬਾਹਰ ਨਿਕਲਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਦੋ ਰਸਤੇ ਤੋਂ ਵਾਪਸ ਮੁੱਖ ਧਾਰਾ ਵਿਚ ਜੁੜਨਾ ਬਹੁਤ ਮੁਸ਼ਕਲ ਕੰਮ ਹੈ, ਪਰ ਜਿਸ ਤਰੀਕੇ ਨਾਲ ਸਿੱਖ ਰਿਕਵਰੀ ਨੈਟਵਰਕ ਕਾਰਜ ਕਰ ਰਿਹਾ ਹੈ ਉਸਦੇ ਨਤੀਜੇ ਬਹੁਤ ਚੰਗੇ ਤੇ ਪ੍ਰਭਾਵਸ਼ਾਲੀ ਹਨ। 
ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਨਸ਼ਾ ਕਰਨ ਵਾਲਾ ਵਿਅਕਤੀ ਜ਼ਿਆਦਾ ਕਸੂਰਵਾਰ ਨਹੀਂ, ਬਲਕਿ ਇਸ ਵਿਚ ਕਸੂਰ ਮਾੜੀ ਸੰਗਤ ਦਾ ਹੈ। ਨਸ਼ਾ ਕਰਨ ਵਾਲੇ ਪੀੜਤ ਨੂੰ ਸਹਿਯੋਗ ਤੇ ਪਿਆਰ ਦੀ ਗਲਵੱਕੜੀ ਦੀ ਲੋੜ ਹੁੰਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਨਸ਼ਾ ਮਿਲੇ ਹੀ ਨਾ ਤਾਂ ਇਸ ਰਸਤੇ ਵੱਲ ਕੋਈ ਛੇਤੀ ਤੁਰੇ ਵੀ ਨਾ। ਉਨ੍ਹਾਂ ਕਿਹਾ ਕਿ ਸਾਡੇ ਸਮਾਜ ਵਿਚ ਸ਼ਰਾਬ ਦੇ ਨਾਲ-ਨਾਲ ਚਿੱਟੇ ਆਦਿ ਜਿਹੇ ਸੰਥੈਟਿਕ ਅਤੇ ਮੈਡੀਕਲ ਨਸ਼ਿਆਂ ਦੀ ਬਹੁਤ ਭਿਆਨਕ ਮਾਰ ਹੈ। ਨਸ਼ਿਆਂ ਨਾਲ ਜਿੱਥੇ ਵਿਅਕਤੀ ਆਪ ਪੀੜਤ ਹੁੰਦਾ ਹੈ ਉੱਥੇ ਹੀ ਉਸ ਦਾ ਪਰਿਵਾਰ ਵੀ ਬਹੁਤ ਦੁਖੀ ਹੁੰਦਾ ਹੈ। ਘਰ ਵਿਚ ਪਰਿਵਾਰਿਕ ਮੈਂਬਰ ਹਰ ਸਮੇਂ ਤਣਾਅ ਅਤੇ ਮੁਸ਼ਕਲਾਂ ਵਿਚ ਰਹਿੰਦੇ ਹਨ। 
ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਪੰਜਾਬ ਅੰਦਰ ਮੀਰੀ ਪੀਰੀ ਖ਼ਾਲਸਾ ਮਾਰਚ ਦਾ ਇਕ ਏਜੰਡਾ ਨੌਜਵਾਨਾਂ ਨੂੰ ਨਸ਼ੇ ਤਿਆਗਣ ਲਈ ਪ੍ਰੇਰਿਤ ਕਰਨਾ ਵੀ ਸੀ। ਮਾਰਚ ਦੌਰਾਨ ਨਸ਼ਾ ਕਰਨ ਵਾਲੇ ਸੈਂਕੜੇ ਨੌਜਵਾਨ ਉਨ੍ਹਾਂ ਨੂੰ ਆ ਕੇ ਮਿਲੇ ਅਤੇ ਉਨ੍ਹਾਂ ਨੇ ਇੱਛਾ ਜ਼ਾਹਰ ਕੀਤੀ ਕਿ ਉਹ ਨਸ਼ਾ ਛੱਡਣਾ ਚਾਹੁੰਦੇ ਹਨ ਪਰ ਇਸ ਵਿਚ ਮੁਸ਼ਕਲ ਹੈ ਕਿ ਨਸ਼ੇ ਦੇ ਵਿਕਰੀ ਰੋਕਣ ਵਿਚ ਸਰਕਾਰਾਂ ਨਾਕਾਮਯਾਬ ਹਨ। ਇਸੇ ਤਰ੍ਹਾਂ ਜਿਹੜੇ ਪੀੜਤ ਨੌਜਵਾਨ ਜਾਂ ਲੋਕ ਨਸ਼ਾ ਛੱਡਣਾ ਚਾਹੁੰਦੇ ਹਨ ਉਨ੍ਹਾਂ ਵਾਸਤੇ ਸਾਡੇ ਕੋਲ ਪੰਜਾਬ ਵਿਚ ਕੋਈ ਠੋਸ ਪ੍ਰੋਗਰਾਮ ਨਹੀਂ ਹੈ। ਉਨ੍ਹਾਂ ਸਿੱਖ ਰਿਕਵਰੀ ਨੈਟਵਰਕ ਨੂੰ ਸੱਦਾ ਦਿੱਤਾ ਕਿ ਉਹ ਪੰਜਾਬ ਆਉਣ ਤੇ ਉੱਥੇ ਕੰਮ ਕਰਕੇ ਕੋਈ ਪ੍ਰੋਗਰਾਮ ਉਲੀਕੇ ਜਾਣ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਨਸ਼ਾ ਛਡਾਊ ਕੇਂਦਰ ਹਨ ਪਰ ਉਹ ਵੀ ਕਾਮਯਾਬ ਨਹੀਂ, ਉੱਥੇ ਨੌਜਵਾਨਾਂ ਨੂੰ ਨਸ਼ਾ ਛਡਾ ਕੇ ਗੋਲੀਆਂ ਉੱਥੇ ਲਾ ਦਿੱਤਾ ਜਾਂਦਾ ਹੈ ਜੋ ਕਿ ਸਹੀ ਤਰੀਕਾ ਨਹੀਂ ਅਤੇ ਨਾ ਹੀ ਪੱਕਾ ਹੱਲ ਹੈ। ਉਨ੍ਹਾਂ ਕਿਹਾ ਕਿ ਸਿੱਖ ਰਿਕਵਰੀ ਨੈਟਵਰਕ ਦੇ ਪ੍ਰੋਗਰਾਮਾਂ ਰਾਹੀਂ ਨਸ਼ਾ ਛੱਡਣ ਵਾਲੇ ਵਿਅਕਤੀਆਂ ਉੱਤੇ ਗੁਰੂ ਸਾਹਿਬ ਦੀ ਬਖਸ਼ਿਸ਼ ਹੈ ਤੇ ਉਹ ਅੰਦਰੋਂ ਤੇ ਮਾਨਸਿਕ ਤੌਰ ਉੱਤੇ ਤਕੜੇ ਹਨ। 
ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਨਸ਼ਾ ਵਿਸ਼ਵਵਿਆਪੀ ਸਮੱਸਿਆ ਹੈ। ਉਨ੍ਹਾਂ ਕਿਹਾ ਕਿ ਸਿੱਖ ਗੁਰੂ ਸਾਹਿਬਾਨ ਨੇ ਸਿੱਖਾਂ ਸਮੇਤ ਸਾਰੇ ਵਿਸ਼ਵ ਦੇ ਲੋਕਾਂ ਨੂੰ ਮੁਕੰਮਲ ਤੌਰ ਉੱਤੇ ਨਸ਼ਾ ਕਰਨ ਤੋਂ ਰੋਕਿਆ ਹੈ। ਇਹ ਸਿੱਖਿਆ ਗੁਰਬਾਣੀ ਵਿੱਚ ਵੀ ਦਰਜ ਹੈ ਅਤੇ ਗੁਰਬਾਣੀ ਦਾ ਉਪਦੇਸ਼ ਸਾਰੇ ਵਿਸ਼ਵ ਲਈ ਹੈ। ਇਸ ਲਈ ਸਿੱਖੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਨਾਲ ਜੁੜ ਕੇ ਅਤੇ ਆਪਣੀ ਇੱਛਾ ਸ਼ਕਤੀ ਮਜ਼ਬੂਤ ਕਰਕੇ ਸਹਿਜੇ ਹੀ ਨਸ਼ਾ ਦੀ ਅਲਾਮਤ ਛੱਡੀ ਜਾ ਸਕਦੀ ਹੈ। 
ਉਨ੍ਹਾਂ ਕਿਹਾ ਕਿ ਇਹ ਉਪਰਾਲੇ ਪੀੜਤਾਂ ਲਈ ਜਗਦੇ ਦੀਵੇ ਵਾਲਾ ਕਾਰਜ ਕਰ ਰਹੇ ਹਨ ਅਤੇ ਇਸ ਨਾਲ ਦੂਜਿਆਂ ਦੇ ਜੀਵਨ ਵਿਚ ਰੋਸ਼ਨੀਆਂ ਰਹੀ ਹੈ। ਉਨ੍ਹਾਂ ਕਿਹਾ ਕਿ ਨਸ਼ਾ ਵੇਚਣ ਵਾਲੇ ਲੋਕ ਸਮਾਜ ਦੇ ਦੁਸ਼ਮਣ ਹਨ ਜਿਨ੍ਹਾਂ ਦੀ ਪਛਾਣ ਅਤੇ ਬਾਈਕਾਟ ਕਰਨਾ ਚਾਹੀਦਾ ਹੈ। 
ਸੰਸਦ ਦੌਰੇ ਮੌਕੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨਾਲ ਯੂ.ਕੇ. ਸੰਸਦ ਵਿਖੇ ਲਾਰਡ ਕੁਲਦੀਪ ਸਿੰਘ ਸਹੋਤਾ ਨੇ ਵੀ ਮੁਲਾਕਾਤ ਕੀਤੀ ਅਤੇ ਕੁਝ ਮਾਮਲਿਆਂ ਸਬੰਧੀ ਵਿਚਾਰਾਂ ਕੀਤੀਆਂ। 

Ad Position 22
No active advertisement
ਪਿਛਲੀ ਖ਼ਬਰ ਨਾਬਾਲਗ ਨਾਲ ਗਲਤ ਕੰਮ ਕਰਨ ਅਤੇ ਪੋਕਸੋ ਐਕਟ ਅਧੀਨ ਮਾਮਲੇ 'ਚੋਂ ਦੋ ਦੋਸ਼ੀ ਬਰੀ ਅਗਲੀ ਖ਼ਬਰ ਸਿੱਖਿਆ, ਸਿਹਤ ਅਤੇ ਰੁਜ਼ਗਾਰ ਦੇ ਖੇਤਰਾਂ ਚ ਵੱਡੇ ਬਦਲਾਅ ਲਿਆ ਰਹੇ ਹਾਂ - ਭਗਵੰਤ ਮਾਨ
Ad Position 24