ਅੰਮ੍ਰਿਤਸਰ, 21 ਅਕਤੂਬਰ (ਜਸਵੰਤ ਸਿੰਘ ਜੱਸ)- ਪੰਥਕ ਤਾਲਮੇਲ ਸੰਗਠਨ ਦੀ ਅਗਵਾਈ ਵਿਚ ਪੰਥਕ ਅਸੈਂਬਲੀ ਨਾਲ ਸੰਬੰਧਿਤ ਵੱਖ ਵੱਖ ਸਿੱਖ ਜਥੇਬੰਦੀਆਂ ਵਲੋਂ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਦੇ ਨਾਮ ਇਕ ਪੱਤਰ ਦੇ ਕੇ ਬਹਿਰੀਨ ਵਾਲੀ ਬੀਬੀ ਨਾਲ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਹੋਈ ਮੁਲਾਕਾਤ ਅਤੇ ਉਸ ਉਪਰੰਤ ਕੀਤੀ ਗਈ ਕਾਰਵਾਈ ਸਬੰਧੀ ਸੁਤੰਤਰ ਜਾਂਚ ਕਮਿਸ਼ਨ ਬਣਾਉਣ ਦੀ ਮੰਗ ਕੀਤੀ ਹੈ। ਇਹ ਪੱਤਰ ਅੱਜ ਸਵੇਰੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ, ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਜਸਵਿੰਦਰ ਸਿੰਘ ਐਡਵੋਕੇਟ ਦੀ ਅਗਵਾਈ ਵਿੱਚ ਸਿੰਘ ਸਾਹਿਬ ਗੈਰ ਹਾਜ਼ਰੀ ਵਿਚ ਉਨ੍ਹਾਂ ਦੇ ਇਕ ਨੁਮਾਇੰਦੇ ਨੂੰ ਸੌਂਪਿਆ ਗਿਆ।
ਗਿਆਨੀ ਕੇਵਲ ਸਿੰਘ ਅਤੇ ਜਸਵਿੰਦਰ ਸਿੰਘ ਐਡਵੋਕੇਟ ਨੇ ਦੱਸਿਆ ਕਿ ਇਸ ਪੱਤਰ ਵਿਚ ਮੰਗ ਕੀਤੀ ਗਈ ਹੈ ਕਿ ਜਥੇਦਾਰ ਗੜਗੱਜ ਵਲੋਂ ਇਕ ਪ੍ਰੈਸ ਕਾਨਫਰੰਸ ਦੌਰਾਨ ਖੁਦ ਇਹ ਗੱਲ ਕਹੀ ਗਈ ਹੈ ਕਿ ਬਹਿਰੀਨ ਵਾਲੀ ਬੀਬੀ ਉਨ੍ਹਾਂ ਨੂੰ ਮਿਲੀ ਸੀ ਅਤੇ ਉਸਨੇ ਮਲਕੀਤ ਸਿੰਘ ਸਬੰਧੀ ਮਾਮਲਾ ਉਹਨਾਂ ਦੇ ਧਿਆਨ ਵਿਚ ਲਿਆਂਦਾ ਸੀ। ਉਨ੍ਹਾਂ ਕਿਹਾ ਕਿ ਇਸ ਸਥਿਤੀ ਵਿਚ ਕੁਝ ਅਹਿਮ ਸਵਾਲ ਪੈਦਾ ਹੁੰਦੇ ਹਨ, ਜਿਨ੍ਹਾਂ ਦੀ ਨਿਰਪੱਖ ਅਤੇ ਪਾਰਦਰਸ਼ੀ ਜਾਂਚ ਹੋਣੀ ਜ਼ਰੂਰੀ ਹੈ। ਉਨ੍ਹਾਂ ਮੰਗ ਕੀਤੀ ਕਿ ਇਹ ਇਸ ਮਾਮਲੇ ਦੀ ਨਿਰਪੱਖਤਾ ਨਾਲ ਜਾਂਚ ਲਈ ਇਕ ਸੁਤੰਤਰ ਜਾਂਚ ਕਮਿਸ਼ਨ 15 ਦਿਨਾਂ ਦੇ ਅੰਦਰ ਸਥਾਪਿਤ ਕੀਤਾ ਜਾਵੇ, ਜਿਸ ਵਿਚ ਸਤਿਕਾਰਯੋਗ ਸਿੱਖ ਜੱਜ ਅਤੇ ਕਾਨੂੰਨੀ ਮਾਹਰ ਵਕੀਲ, ਸ਼੍ਰੋਮਣੀ ਕਮੇਟੀ, ਦਿੱਲੀ ਗੁਰਦੁਆਰਾ ਕਮੇਟੀ ਅਤੇ ਹਰਿਆਣਾ ਸਿੱਖ ਗੁਰਦੁਆਰਾ ਕਮੇਟੀ ਦਾ ਇਕ ਇਕ ਨੁਮਾਇੰਦਾ ਅਤੇ ਹੋਰ ਨਿਰਪੱਖ ਅਤੇ ਸਤਿਕਾਰਤ ਸ਼ਖਸ਼ੀਅਤਾਂ ਨੂੰ ਸ਼ਾਮਿਲ ਕੀਤਾ ਜਾਵੇ। ਉਨ੍ਹਾਂ ਪੱਤਰ ਵਿਚ ਇਹ ਵੀ ਕਿਹਾ ਕਿ ਸੰਗਤਾਂ ਨੂੰ ਸਪੱਸ਼ਟਤਾ ਪਾਰਦਰਸ਼ਤਾ ਅਤੇ ਸਬੂਤਾਂ ਦੇ ਆਧਾਰ ਤੇ ਸੱਚ ਜਾਨਣ ਦਾ ਅਧਿਕਾਰ ਹੈ। ਇਸ ਪੱਤਰ ਤੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ, ਜਸਵਿੰਦਰ ਸਿੰਘ ਐਡਵੋਕੇਟ, ਸੁਖਦੇਵ ਸਿੰਘ ਭੌਰ ਐਡਵੋਕੇਟ ਨਵਕਿਰਨ ਸਿੰਘ ਰਾਣਾ ਇੰਦਰਜੀਤ ਸਿੰਘ ਖੁਸ਼ਹਾਲ ਸਿੰਘ, ਪ੍ਰੋਫੈਸਰ ਬਲਵਿੰਦਰ ਪਾਲ ਸਿੰਘ, ਅਮਰਜੀਤ ਸਿੰਘ, ਸੁਰਿੰਦਰਪਾਲ ਸਿੰਘ, ਪਰਮਜੀਤ ਸਿੰਘ, ਸਲੋਚਨਬੀਰ ਸਿੰਘ ਅਤੇ ਪ੍ਰਿੰਸੀਪਲ ਮਨਜਿੰਦਰ ਕੌਰ ਦੇ ਦਸਤਖਤ ਹਨ।