ਡੇਰਾਬੱਸੀ (ਮੋਹਾਲੀ), 19 ਅਕਤੂਬਰ (ਗੁਰਮੀਤ ਸਿੰਘ)- ਧਨੌਨੀ ਅਨਾਜ ਮੰਡੀ ਵਿਚ ਝੋਨੇ ਦੀ ਫ਼ਸਲ ਵੇਚਣ ਵਾਲੇ ਕਿਸਾਨਾਂ ਨੇ ਆੜ੍ਹਤੀਆਂ ਵਲੋਂ ਉਨ੍ਹਾਂ ਦੀ ਪੂਰੀ ਅਦਾਇਗੀ ਰੋਕਣ ਦੇ ਦੋਸ਼ ਲਗਾਏ ਹਨ। ਮੰਡੀ ਵਿਚ ਵੱਖ-ਵੱਖ ਕਿਸਾਨ ਯੂਨੀਅਨਾ ਦੇ ਆਗੂ ਇਕੱਤਰ ਹੋ ਗਏ । ਮਾਹੌਲ ਗਰਮ ਹੁੰਦਾ ਵੇਖ ਤਹਿਸੀਲਦਾਰ ਡੇਰਾਬੱਸੀ ਬੀਰ ਕਰਨ ਸਿੰਘ ਮੌਕੇ ਤੇ ਪਹੁੰਚੇ ਅਤੇ ਉਨ੍ਹਾਂ ਨੇ ਕਿਸਾਨਾਂ ਨੂੰ ਸ਼ਾਂਤ ਕੀਤਾ।
ਇਸ ਸਬੰਧੀ ਕਿਸਾਨਾਂ ਨੇ ਤਹਿਸੀਲਦਾਰ ਡੇਰਾਬੱਸੀ ਨੂੰ ਲਿਖਤੀ ਸ਼ਿਕਾਇਤ ਦੇ ਕੇ ਮਾਮਲੇ ਵਿਚ ਦਖ਼ਲ ਦੇਣ ਅਤੇ ਉਨ੍ਹਾਂ ਦੀ ਫ਼ਸਲ ਦੀ ਪੂਰੀ ਪੇਮੈਂਟ ਕਰਵਾਉਣ ਦੀ ਮੰਗ ਕੀਤੀ ਹੈ।ਸ਼ਿਕਾਇਤ ਵਿਚ ਕਿਸਾਨਾਂ ਨੇ ਦੱਸਿਆ ਕਿ ਉਹ ਬਰੌਲੀ, ਅਸਲਾਲਾ, ਨਗਲਾ ਅਤੇ ਹੋਰ ਪਿੰਡਾਂ ਤੋਂ ਆਪਣੀ ਝੋਨੇ ਦੀ ਫ਼ਸਲ ਧਨੌਨੀ ਅਨਾਜ ਮੰਡੀ ਵਿਚ ਲੈ ਕੇ ਆਏ ਸਨ। ਕਿਸਾਨਾਂ ਦਾ ਦੋਸ਼ ਹੈ ਕਿ ਆੜ੍ਹਤੀਆਂ ਵਲੋਂ ਉਨ੍ਹਾਂ ਦੀ ਪੂਰੀ ਅਦਾਇਗੀ ਨਹੀਂ ਕੀਤੀ ਜਾ ਰਹੀ। ਜਦੋਂ ਉਨ੍ਹਾਂ ਨੇ ਬਕਾਇਆ ਰਕਮ ਜਾਰੀ ਕਰਨ ਦੀ ਮੰਗ ਕੀਤੀ ਤਾਂ ਕਥਿਤ ਤੌਰ ’ਤੇ ਕਿਹਾ ਗਿਆ ਕਿ ਝੋਨੇ ਦੀ ਲਿਫਟਿੰਗ ਕਰਨ ਵਾਲੇ ਸ਼ੈਲਰ ਮਾਲਕ 100 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਕਟੌਤੀ ਦੀ ਮੰਗ ਕਰ ਰਹੇ ਹਨ।
ਕਿਸਾਨਾਂ ਨੇ ਇਸ ਕਟੌਤੀ ਨੂੰ ਗ਼ਲਤ ਕਰਾਰ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਫ਼ਸਲ ਦੀ ਪੂਰੀ ਕੀਮਤ ਮਿਲਣੀ ਚਾਹੀਦੀ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮਾਮਲੇ ਦੀ ਜਾਂਚ ਕਰਵਾਈ ਜਾਵੇ ਅਤੇ ਕਿਸਾਨਾਂ ਦੀ ਰੋਕੀ ਗਈ ਰਕਮ ਦੀ ਅਦਾਇਗੀ ਯਕੀਨੀ ਬਣਾਈ ਜਾਵੇ। ਕਿਸਾਨਾਂ ਨੇ ਕਿਹਾ ਕਿ ਫ਼ਸਲ ਵੇਚਣ ਤੋਂ ਬਾਅਦ ਪੂਰੀ ਪੇਮੈਂਟ ਨਾ ਮਿਲਣ ਕਾਰਨ ਉਨ੍ਹਾਂ ਨੂੰ ਆਰਥਿਕ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਉਨ੍ਹਾਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਕਿਸਾਨਾਂ ਨੂੰ ਇਨਸਾਫ਼ ਦਿਵਾਇਆ ਜਾਵੇ। ਇਸ ਮੌਕੇ ਰਣਜੀਤ ਸਿੰਘ ਰਾਣਾ ਪ੍ਰਧਾਨ ਬੀਕੇਯੂ ਲੱਖੋਵਾਲ, ਗੁਰਵਿੰਦਰ ਸਿੰਘ ਚੌਧੇੜੀ ਪ੍ਰਧਾਨ ਜਮਹੂਰੀ ਕਿਸਾਨ ਸਭਾ, ਲਖਵਿੰਦਰ ਸਿੰਘ ਕਰਾਲਾ ਪ੍ਰਧਾਨ ਬੀਕੇਯੂ ਰਾਜੇਵਾਲ, ਅਵਤਾਰ ਸਿੰਘ ਸੀਨੀਅਰ ਮੀਤ ਪ੍ਰਧਾਨ ਬੀਕੇਯੂ ਕਾਦੀਆ ਮੋਹਾਲੀ, ਮਨਦੀਪ ਸਿੰਘ ਜਰਨਲ ਸਕੱਤਰ ਬੀਕੇਯੂ ਕਾਦੀਆ ਡੇਰਾ ਤੁਸੀਂ, ਬਲਜਿੰਦਰ ਸਿੰਘ ਸੇਖਪੁਰਾ ਪ੍ਰਧਾਨ ਰੋਡ ਸੰਘਰਸ਼ ਕਮੇਟੀ, ਬੇਅੰਤ ਸਿੰਘ ਜਗਤਾਰ ਸਿੰਘ ਝ, ਕਰਮ ਸਿੰਘ ਕਾਰਕੋਰ ਰਾਜੇਵਾਲ, ਗਾਮ ਸਿੰਘ ਬਰੋਲੀ, ਰਤਨ ਸਿੰਘ ਅਮਲਾਲਾ, ਧਰਮ ਸਿੰਘ ਅਮਲਾਲਾ, ਨਿੱਕਾ ਸਿੰਘ , ਸੋਹਨ ਸਿੰਘ, ਧਰਮ ਸਿੰਘ ਦੱਪਰ, ਗੁਰਪਾਲ ਸਿੰਘ ਦੱਪਰ, ਨਾਨੂ ਸਿੰਘ ਜਨੇਤਪੁਰ, ਆੜਤੀ ਵਿਕਾਸ ਜੈਨ (ਜਗਨਨਾਥ ਆੜਤੀ), ਸੁਖਦੇਵ ਮਿੱਤਲ (ਮਾਮ ਚੰਦ ਆੜਤੀ), ਸਾਹਿਲ ਜੈਨ ਪ੍ਰਧਾਨ ਆੜਤੀ ਐਸੋਸੀਏਸ਼ਨ ਵੀ ਹੋਰਨਾ ਸਮੇਤ ਹਾਜ਼ਰ ਸਨ।