ਫਾਜ਼ਿਲਕਾ, (ਬਲਜੀਤ ਸਿੰਘ)- ਪਰਮਿੰਦਰ ਸਿੰਘ ਝੋਟੇ ਦੇ ਕਤਲ ਤੋਂ ਬਾਅਦ 15 ਅਕਤੂਬਰ ਨੂੰ ਪੰਜਾਬ ਬੰਦ ਦੀ ਦਿੱਤੀ ਗਈ ਕਾਲ ਦੇ ਤਹਿਤ ਅੱਜ ਫਾਜ਼ਿਲਕਾ ਵਿੱਚ ਵੀ ਬੰਦ ਦਾ ਰਲਿਆ-ਮਿਲਿਆ ਅਸਰ ਦੇਖਣ ਨੂੰ ਮਿਲਿਆ। ਸ਼ਹਿਰ ਦੇ ਬਾਜ਼ਾਰ ਬੰਦ ਰਹੇ, ਜਦਕਿ ਕੁਝ ਜਥੇਬੰਦੀਆਂ ਵੱਲੋਂ ਹਾਈਵੇਅ ਬੰਦ ਕਰਕੇ ਰੋਸ ਧਰਨਾ ਦਿੱਤਾ ਜਾ ਰਿਹਾ ਸੀ।
ਇਸ ਦੌਰਾਨ ਫਾਜ਼ਿਲਕਾ ਪੁਲਿਸ ਵੱਲੋਂ ਹਾਈਵੇ ’ਤੇ ਧਰਨਾ ਦੇ ਰਹੀਆਂ ਜਥੇਬੰਦੀਆਂ ਦੇ ਆਗੂਆਂ ਨੂੰ ਉੱਥੋਂ ਹਟਾ ਕੇ ਹਿਰਾਸਤ ਵਿੱਚ ਲੈਣ ਅਤੇ ਥਾਣੇ ਲਿਜਾਣ ਦੀ ਖ਼ਬਰ ਸਾਹਮਣੇ ਆਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਫਾਜ਼ਿਲਕਾ ਦੇ ਡੀ ਐੱਸ ਪੀ ਬਲਵਿੰਦਰ ਸਿੰਘ ਨੇ ਕਿਹਾ ਕਿ ਪੁਲਿਸ ਵੱਲੋਂ ਕਿਸੇ ਵੀ ਜਥੇਬੰਦੀ ਜਾਂ ਸੰਸਥਾ ਦੇ ਆਗੂਆਂ ਨੂੰ ਹਾਈਵੇਅ ਬੰਦ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਹਾਈਵੇ ਬੰਦ ਹੋਣ ਕਾਰਨ ਆਉਣ-ਜਾਣ ਵਾਲੇ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਆਵਾਜਾਈ ਪ੍ਰਭਾਵਿਤ ਹੁੰਦੀ ਹੈ। ਡੀ ਐੱਸ ਪੀ ਨੇ ਇਹ ਵੀ ਦੱਸਿਆ ਕਿ ਫਾਜ਼ਿਲਕਾ ਦੇ ਬਾਜ਼ਾਰ ਦੁਪਹਿਰ 2 ਵਜੇ ਤੱਕ ਬੰਦ ਰਹਿਣਗੇ। ਪੰਜਾਬ ਬੰਦ ਦੇ ਮੱਦੇਨਜ਼ਰ ਸ਼ਹਿਰ ਵਿੱਚ ਪੁਲਿਸ ਵੱਲੋਂ ਸਥਿਤੀ ’ਤੇ ਨਜ਼ਰ ਰੱਖੀ ਜਾ ਰਹੀ ਹੈ।