ਫ਼ਰੀਦਕੋਟ, 10 ਅਕਤੂਬਰ (ਜਸਵੰਤ ਸਿੰਘ ਪੁਰਬਾ)- ਅੱਜ ਸਟੇਟ ਸਪੈਸ਼ਲ ਓਪਰੇਸ਼ਨ ਸੈੱਲ ਫਾਜ਼ਿਲਕਾ ਦੀ ਟੀਮ ਵਲੋਂ ਪਾਕਿਸਤਾਨ ਲਈ ਮੁਖਬਰੀ ਕਰਨ ਦੇ ਦੋਸ਼ ਹੇਠ ਇਕ ਮਹਿਲਾ ਜਾਸੂਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਸਬੰਧੀ ਦਰਜ ਕੀਤੀ ਗਈ ਐਫ.ਆਈ.ਆਰ. ਨੰਬਰ 24 ਮੁਤਾਬਕ ਇਹ ਮਹਿਲਾ ਨਿਊ ਹਰਿੰਦਰਾ ਨਗਰ, ਨੇੜੇ ਬਾਬਾ ਫਰੀਦ ਸਕੂਲ, ਫ਼ਰੀਦਕੋਟ ਦੀ ਰਹਿਣ ਵਾਲੀ ਹੈ ਅਤੇ ਆਪਣੇ ਹੋਰ ਦੋ ਸਾਥੀਆਂ ਦੀ ਮੱਦਦ ਨਾਲ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ.ਐਸ.ਆਈ. ਲਈ ਮੁਖਬਰੀ ਕਰਦੀ ਰਹੀ ਹੈ।
ਐਫ. ਆਈ. ਆਰ. ਮੁਤਾਬਕ ਉਕਤ ਮਹਿਲਾ ਦਾ ਨਾਂ ਗੁਰਨੂਰ ਸਿੱਧੂ ਹੈ ਅਤੇ ਉਸ ਦੇ ਦੋ ਸਾਥੀ ਰਾਜਬੀਰ ਸਿੰਘ, ਜ਼ਿਲ੍ਹਾ ਤਰਨ ਤਾਰਨ ਅਤੇ ਦਿਲਪ੍ਰੀਤ ਸਿੰਘ, ਜ਼ਿਲ੍ਹਾ ਮੋਗਾ ਨਾਲ ਸੰਬੰਧਿਤ ਹਨ। ਉਕਤ ਦੋਵੇਂ ਹੀ ਵਿਅਕਤੀ ਭਾਰਤੀ ਫੌਜ ਵਿਚ ਤੈਨਾਤ ਹਨ ਅਤੇ ਇਹ ਤਿੰਨੇ ਲੋਕ ਰਲ ਕੇ ਭਾਰਤੀ ਫੌਜ ਅਤੇ ਹੋਰ ਖੁਫੀਆ ਜਾਣਕਾਰੀ ਪਾਕਿਸਤਾਨੀ ਏਜੰਸੀ ਆਈ.ਐਸ.ਆਈ. ਤੱਕ ਪਹੁੰਚਾ ਰਹੇ ਸਨ।
ਓਫੀਸ਼ੀਅਲ ਸੀਕਰੇਟਸ ਐਕਟ 1923 ਅਧੀਨ ਦਰਜ ਕੀਤੀ ਗਈ ਇਸ ਐਫ. ਆਈ. ਆਰ. ਵਿਚ ਇਹ ਕਿਹਾ ਗਿਆ ਹੈ ਕਿ ਉਕਤ ਮਹਿਲਾ ਵਲੋਂ ਮੋਬਾਈਲ ਅਤੇ ਟੈਬਲੈਟ ਰਾਹੀਂ ਪਾਕਿਸਤਾਨ ਤੱਕ ਖੁਫੀਆ ਜਾਣਕਾਰੀ ਭੇਜੀ ਜਾ ਰਹੀ ਸੀ। ਇਕ ਖਾਸ ਮੁਖਬਰ ਦੀ ਇਤਲਾਅ ਤੇ ਸਟੇਟ ਸਪੈਸ਼ਲ ਓਪਰੇਸ਼ਨ ਸੈੱਲ ਫਾਜ਼ਿਲਕਾ ਦੀ ਟੀਮ ਵਲੋਂ ਇਸ ਮਹਿਲਾ ਨੂੰ ਫਿਰੋਜ਼ਪੁਰ ਦੇ ਇਲਾਕੇ ਵਿਚੋਂ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਇਸ ਪੂਰੇ ਮਾਮਲੇ ਦੀ ਤਹਿ ਤੱਕ ਜਾਣ ਲਈ ਅੱਗੇ ਛਾਣਬੀਨ ਕੀਤੀ ਜਾ ਰਹੀ ਹੈ।
ਇਸ ਸਬੰਧੀ ਸਪੈਸ਼ਲ ਓਪਰੇਸ਼ਨ ਸੈੱਲ ਫਾਜ਼ਿਲਕਾ ਦੇ ਇੰਸਪੈਕਟਰ ਸਤੀਸ਼ ਕੁਮਾਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਮਾਮਲਾ ਜਾਂਚ ਅਧੀਨ ਹੈ ਅਤੇ ਆਉਣ ਵਾਲੇ ਸਮੇਂ ਵਿਚ ਇਸ ਵਿਚ ਹੋਰ ਕਈ ਅਹਿਮ ਗੱਲਾਂ ਵੀ ਨਿਕਲ ਕੇ ਸਾਹਮਣੇ ਆ ਸਕਦੀਆਂ ਹਨ। ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਜ਼ਿਲ੍ਹਾ ਫ਼ਰੀਦਕੋਟ ਅਤੇ ਫਿਰੋਜ਼ਪੁਰ ਬਾਰਡਰ ਤੋਂ ਕਾਫੀ ਨਜ਼ਦੀਕ ਹਨ। ਇੰਨ੍ਹਾਂ ਦੋਵਾਂ ਇਲਾਕਿਆਂ ਵਿਚ ਵੱਡੀਆਂ ਫੌਜੀ ਛੋਣੀਆਂ ਅਤੇ ਬੀ.ਐਸ.ਐਫ. ਦੀ ਮੌਜੂਦਗੀ ਵੀ ਹੈ, ਜਿਸ ਕਾਰਨ ਪਹਿਲਾਂ ਵੀ ਇੱਥੇ ਕਈ ਵਾਰ ਅਜਿਹੇ ਜਾਸੂਸ ਫੜੇ ਗਏ ਹਨ, ਜਿਹੜੇ ਕਿ ਪਾਕਿਸਤਾਨ ਲਈ ਮੁਖਬਰੀ ਕਰਦੇ ਰਹੇ ਹਨ।