ਮਾਛੀਵਾੜਾ ਸਾਹਿਬ (ਲੁਧਿਆਣਾ), 3 ਅਕਤੂਬਰ (ਰਾਜਦੀਪ ਸਿੰਘ ਅਲਬੇਲਾ)- ਸਥਾਨਕ ਗਾਂਧੀ ਚੌਂਕ ਵਿਚ ਬੀਤੀ ਦੇਰ ਸ਼ਾਮ ਉਸ ਸਮੇਂ ਹੜਕੰਪ ਮਚ ਗਿਆ, ਜਦੋਂ ਨਿਹੰਗ ਬਾਣੇ ’ਚ ਇਕ ਨੌਜਵਾਨ ਕਥਿਤ ਤੌਰ ’ਤੇ ਸੁਨਿਆਰੇ ਦੀ ਦੁਕਾਨ ਵਿਚ ਦਾਖ਼ਲ ਹੋ ਕੇ ਹੰਗਾਮਾ ਕਰਨ ਲੱਗ ਪਿਆ। ਦੋਸ਼ ਹੈ ਕਿ ਨੌਜਵਾਨ ਨੇ ਬਾਅਦ ’ਚ ਜਾਨ ਬਚਾ ਕੇ ਭੱਜ ਰਹੇ ਸੁਨਿਆਰੇ ’ਤੇ ਪੈਟਰੋਲਨੁਮਾ ਤਰਲ ਪਦਾਰਥ ਛਿੜਕ ਕੇ ਮਾਚਿਸ ਦੀ ਤੀਲੀ ਨਾਲ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ। ਘਟਨਾ ਦੀ ਸੂਚਨਾ ਮਿਲਣ ’ਤੇ ਮੌਕੇ ’ਤੇ ਪਹੁੰਚੀ ਪੁਲਿਸ ਪਾਰਟੀ ਨਾਲ ਵੀ ਨੌਜਵਾਨ ਦੀ ਕਥਿਤ ਤੌਰ ’ਤੇ ਹੱਥੋਪਾਈ ਹੋਈ। ਪੁਲਿਸ ਨੂੰ ਦਿੱਤੇ ਬਿਆਨਾਂ ’ਚ ਗਾਂਧੀ ਚੌਂਕ ਵਿਚ ਸੁਨਿਆਰੇ ਦੀ ਦੁਕਾਨ ਕਰਦੇ ਕਰਨ ਵਰਮਾ ਨੇ ਦੱਸਿਆ ਕਿ ਉਹ ਬੀਤੀ ਦੇਰ ਸ਼ਾਮ ਆਪਣੀ ਦੁਕਾਨ ’ਚ ਬੈਠਾ ਗ੍ਰਾਹਕਾਂ ਨੂੰ ਸਮਾਨ ਦਿਖਾ ਰਿਹਾ ਸੀ।
ਇਸ ਮੌਕੇ ਉਸ ਦਾ ਦੋਸਤ ਸੁਨੀਲ ਕੁਮਾਰ ਗਿਰਧਰ ਅਤੇ ਸੋਨੇ ਦਾ ਵਪਾਰੀ ਰੁਸਤਮ ਰਣਜੀਤ ਸਿੰਘ ਵੀ ਮੌਜੂਦ ਸਨ। ਕਰਨ ਵਰਮਾ ਅਨੁਸਾਰ ਦੁਕਾਨ ਦੇ ਬਾਹਰ ਦੀਪਕ ਕੁਮਾਰ ਨਾਮਕ ਨੌਜਵਾਨ ਕਿਸੇ ਵਿਅਕਤੀ ਨਾਲ ਬਹਿਸ ਕਰ ਰਿਹਾ ਸੀ। ਉਹ ਨਿਹੰਗ ਬਾਣੇ ਵਿਚ ਸੀ ਅਤੇ ਬਾਅਦ ’ਚ ਦੁਕਾਨ ਅੰਦਰ ਆ ਵੜਿਆ। ਸ਼ਿਕਾਇਤਕਰਤਾ ਮੁਤਾਬਕ ਦੁਕਾਨ ਅੰਦਰ ਆ ਕੇ ਉਹ ਗ੍ਰਾਹਕਾਂ ਨੂੰ ਪ੍ਰਭਾਵਿਤ ਕਰਨ ਲੱਗ ਪਿਆ। ਜਦੋਂ ਉਸ ਨੂੰ ਅਜਿਹਾ ਕਰਨ ਤੋਂ ਰੋਕਿਆ ਗਿਆ ਤਾਂ ਉਸ ਨੇ ਆਪਣੇ ਹੱਥ ਵਿਚ ਫੜੀ ਬੋਤਲ, ਜਿਸ ਵਿਚ ਕਥਿਤ ਤੌਰ ’ਤੇ ਮਿੱਟੀ ਦਾ ਤੇਲ ਜਾਂ ਪੈਟਰੋਲਨੁਮਾ ਪਦਾਰਥ ਸੀ, ਆਪਣੇ ਉੱਪਰ ਛਿੜਕਣ ਦੀ ਕੋਸ਼ਿਸ਼ ਕੀਤੀ ਅਤੇ ਦੁਕਾਨਦਾਰ, ਗਾਹਕਾਂ ਤੇ ਆਪਣੇ ਆਪ ਨੂੰ ਨੁਕਸਾਨ ਪਹੁੰਚਾਉਣ ਦੀਆਂ ਧਮਕੀਆਂ ਦੇਣ ਲੱਗ ਪਿਆ।
ਕਰਨ ਵਰਮਾ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੇ ਦੀਪਕ ਕੁਮਾਰ ਨੂੰ ਕਾਫ਼ੀ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਰਾਤ ਹੋ ਚੁੱਕੀ ਹੈ ਅਤੇ ਦੁਕਾਨ ਬੰਦ ਕਰਕੇ ਘਰ ਜਾਣਾ ਹੈ, ਪਰ ਉਹ ਨਹੀਂ ਮੰਨਿਆ। ਇਸ ਤੋਂ ਬਾਅਦ ਜਦੋਂ ਦੁਕਾਨਦਾਰ ਦੁਕਾਨ ਬੰਦ ਕਰਕੇ ਬਾਹਰ ਨਿਕਲਿਆ ਤਾਂ ਨੌਜਵਾਨ ਉਸ ਦੇ ਪਿੱਛੇ ਆ ਗਿਆ। ਆਪਣੀ ਜਾਨ ਨੂੰ ਖਤਰਾ ਮਹਿਸੂਸ ਕਰਦਿਆਂ ਕਰਨ ਵਰਮਾ ਆਪਣੇ ਦੋਸਤ ਰੁਸਤਮ ਰਣਜੀਤ ਸਿੰਘ ਦੀ ਗੱਡੀ ’ਚ ਜਾ ਬੈਠਿਆ। ਸ਼ਿਕਾਇਤਕਰਤਾ ਦੇ ਬਿਆਨਾਂ ਮੁਤਾਬਕ ਦੀਪਕ ਕੁਮਾਰ ਵੀ ਉਨ੍ਹਾਂ ਦੇ ਪਿੱਛੇ ਗੱਡੀ ਤੱਕ ਪਹੁੰਚ ਗਿਆ ਅਤੇ ਉਸ ਨੇ ਆਪਣੇ ਹੱਥ ’ਚ ਫੜੀ ਬੋਤਲ ਵਿਚੋਂ ਤਰਲ ਪਦਾਰਥ ਉਨ੍ਹਾਂ ’ਤੇ ਛਿੜਕ ਦਿੱਤਾ। ਇਸ ਤੋਂ ਬਾਅਦ ਮਾਚਿਸ ਦੀ ਤੀਲੀ ਲਗਾ ਕੇ ਅੱਗ ਲਗਾਉਣ ਦੀ ਕਥਿਤ ਕੋਸ਼ਿਸ਼ ਕੀਤੀ ਗਈ।
ਘਟਨਾ ਦੀ ਸੂਚਨਾ ਤੁਰੰਤ ਪੁਲਸ ਨੂੰ ਦਿੱਤੀ ਗਈ। ਸੂਚਨਾ ਮਿਲਦੇ ਹੀ ਥਾਣਾ ਮੁਖੀ ਕਰਮਜੀਤ ਸਿੰਘ ਪੁਲਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ। ਪੁਲਿਸ ਮੁਤਾਬਕ ਨੌਜਵਾਨ ਨੇ ਪੁਲਿਸ ਪਾਰਟੀ ਨਾਲ ਵੀ ਕਥਿਤ ਤੌਰ ’ਤੇ ਹੱਥੋਪਾਈ ਕੀਤੀ। ਇਸ ਦੌਰਾਨ ਇਕ ਪੁਲਿਸ ਮੁਲਾਜ਼ਮ ਦੀ ਵਰਦੀ ਪਾੜ ਗਈ। ਨੌਜਵਾਨ ਨੂੰ ਕਾਬੂ ਕਰਨ ਲਈ ਪੁਲਸ ਨੂੰ ਕਾਫ਼ੀ ਮੁਸ਼ੱਕਤ ਕਰਨੀ ਪਈ। ਆਖਿਰਕਾਰ ਪੁਲਿਸ ਨੇ ਦੀਪਕ ਕੁਮਾਰ ਨੂੰ ਕਾਬੂ ਕਰਕੇ ਥਾਣੇ ਲਿਆਂਦਾ ਅਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਸ ਵਲੋਂ ਦੀਪਕ ਕੁਮਾਰ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।