ਕਪੂਰਥਲਾ, 2 ਅਕਤੂਬਰ (ਅਮਨਜੋਤ ਸਿੰਘ ਵਾਲੀਆ)- ਸਾਇੰਸ ਸਿਟੀ ਚੌਂਕੀ ਨੇੜੇ ਵਡਾਲਾ ਫਲਾਈਓਵਰ 'ਤੇ ਸੜਕ ਹਾਦਸੇ ਵਿਚ ਦੋ ਨੌਜਵਾਨ ਗੰਭੀਰ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਰਾਹਗੀਰਾਂ ਵਲੋਂ ਜਲੰਧਰ ਦੇ ਨਿੱਜੀ ਹਸਪਤਾਲ ਲਿਜਾਇਆ ਗਿਆ ਜਿੱਥੇ ਇਕ ਨੌਜਵਾਨ ਦੀ ਇਲਾਜ ਦੌਰਾਨ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਦਰ ਐਸ.ਐਚ.ਓ. ਮੇਜਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਜਤਿੰਦਰ ਪੁੱਤਰ ਮੁਲਖ ਦਾਸ ਵਾਸੀ ਪੀਰ ਚੌਧਰੀ ਰੋਡ ਤੇ ਅਮਿਤ ਵਾਸੀ ਆਰ.ਸੀ.ਐਫ. ਗੇਟ ਨੰਬਰ 2 ਜਿਨ੍ਹਾਂ ਦਾ ਫਲਾਈ ਓਵਰ 'ਤੇ ਮੋਟਰਸਾਈਕਲ ਸਲਿਪ ਹੋਣ ਕਾਰਨ ਦੋਵੇਂ ਜ਼ਖਮੀ ਹੋ ਗਏ ਸਨ। ਜਿਨ੍ਹਾਂ ਨੂੰ ਰਾਹਗੀਰਾਂ ਵਲੋਂ ਜਲੰਧਰ ਦੇ ਨਿੱਜੀ ਹਸਪਤਾਲ ਲਿਜਾਇਆ ਗਿਆ।
ਇਨ੍ਹਾਂ ਵਿਚੋਂ ਜਤਿੰਦਰ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ ਜਿਸਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਕਪੂਰਥਲਾ ਦੇ ਮੁਰਦਾ ਘਰ ਵਿਚ ਰਖਵਾ ਦਿੱਤਾ ਗਿਆ ਹੈ। ਪਰਿਵਾਰਕ ਮੈਂਬਰਾਂ ਦੇ ਬਿਆਨਾਂ ਤੋਂ ਬਾਅਦ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਾਮ ਦੇ ਸਮੇਂ ਪਤਾ ਲੱਗਾ ਕਿ ਉਨ੍ਹਾਂ ਦੇ ਲੜਕੇ ਦਾ ਐਕਸੀਡੈਂਟ ਹੋ ਗਿਆ ਜਦੋਂ ਉਹ ਜਲੰਧਰ ਪੁੱਜੇ ਤਾਂ ਡਾਕਟਰ ਨੇ ਉਨ੍ਹਾਂ ਦੇ ਲੜਕੇ ਨੂੰ ਮਿ੍ਤਕ ਐਲਾਨ ਦਿੱਤਾ, ਜਦਕਿ ਦੂਸਰੇ ਲੜਕੇ ਦਾ ਇਲਾਜ ਜਾਰੀ ਹੈ।