ਨਵੀਂ ਦਿੱਲੀ, 2 ਅਕਤੂਬਰ (ਇੰਟ)- ਏਸ਼ੀਆਈ ਖੇਡਾਂ ਵਿਚ 2 ਅਕਤੂਬਰ ਦਾ ਦਿਨ ਭਾਰਤ ਲਈ ਬੇਹੱਦ ਸ਼ਾਨਦਾਰ ਰਿਹਾ, ਕਿਉਂਕਿ ਦੇਸ਼ ਨੇ ਹਾਕੀ, ਮੁੱਕੇਬਾਜ਼ੀ, ਕੁਸ਼ਤੀ ਅਤੇ ਤੀਰਅੰਦਾਜ਼ੀ ਵਿਚ ਕੁੱਲ ਛੇ ਸੋਨ ਤਗਮੇ ਹਾਸਲ ਕੀਤੇ। ਇਸ ਸਫ਼ਲਤਾ ਵਿਚ ਮਹਿਲਾ ਹਾਕੀ ਟੀਮ ਵਲੋਂ ਚੀਨ 'ਤੇ ਦਰਜ ਕੀਤੀ ਗਈ ਇਤਿਹਾਸਕ ਜਿੱਤ ਮੁੱਖ ਰਹੀ, ਜਦਕਿ ਤਿੰਨ ਭਾਰਤੀ ਮੁੱਕੇਬਾਜ਼ਾਂ ਅਤੇ ਪਹਿਲਵਾਨ ਸੁਜੀਤ ਕਲਕਲ ਨੇ ਵੀ ਪੋਡੀਅਮ ਦੇ ਸਿਖਰਲੇ ਸਥਾਨ 'ਤੇ ਕਬਜ਼ਾ ਕੀਤਾ।
ਤਗਮੇ ਜਿੱਤਣ ਦਾ ਇਹ ਸਿਲਸਿਲਾ ਸਵੇਰੇ ਰਿਕਰਵ ਤੀਰਅੰਦਾਜ਼ਾਂ ਨਾਲ ਸ਼ੁਰੂ ਹੋਇਆ ਅਤੇ ਦੁਪਹਿਰ ਤੱਕ ਜਾਰੀ ਰਿਹਾ, ਜਿਸ ਦਾ ਸ਼ਾਨਦਾਰ ਅੰਤ ਮਹਿਲਾ ਹਾਕੀ ਟੀਮ ਦੀ ਜਿੱਤ ਨਾਲ ਹੋਇਆ। ਭਾਰਤ ਨੇ ਤੀਰਅੰਦਾਜ਼ੀ ਵਿਚ ਦੋ ਚਾਂਦੀ ਦੇ ਤਗਮੇ ਅਤੇ ਸੇਲਿੰਗ (ਜਲ-ਕਿਸ਼ਤੀ ਦੌੜ) ਤੇ ਸੇਪਕਟਾਕਰੋ ਵਿਚ ਕਾਂਸੀ ਦੇ ਤਗਮੇ ਵੀ ਜਿੱਤੇ।