ਜਲੰਧਰ, 11 ਸਤੰਬਰ- ਡਿਸਟ੍ਰਿਕਟ ਬਾਰ ਐਸੋਸੀਏਸ਼ਨ (DBA), ਜਲੰਧਰ ਦੀਆਂ ਚੋਣਾਂ ਵਿਚ ਮਹਿਜ਼ 27 ਸਾਲ ਦੀ ਉਮਰ ਦੇ ਰੋਹਨ ਕਾਂਤ ਨੇ ਸ਼ਾਨਦਾਰ ਜਿੱਤ ਦਰਜ ਕਰਦਿਆਂ ਨਵਾਂ ਇਤਿਹਾਸ ਰਚ ਦਿੱਤਾ। ਅਰਬਨ ਅਸਟੇਟ ਫੇਜ਼-1 ਦੇ ਵਸਨੀਕ ਅਤੇ ਰਾਜੀਵ ਕਾਂਤ ਦੇ ਸਪੁੱਤਰ ਰੋਹਨ ਕਾਂਤ ਨੇ ਆਪਣੇ ਵਿਰੋਧੀ ਨੂੰ ਵੱਡੇ ਫ਼ਰਕ ਨਾਲ ਮਾਤ ਦੇ ਕੇ ਜਿੱਤ ਹਾਸਲ ਕੀਤੀ। ਉਨ੍ਹਾਂ ਦੀ ਇਸ ਕਾਮਯਾਬੀ ਨੂੰ ਨੌਜਵਾਨ ਵਕੀਲਾਂ ਦੇ ਵਧਦੇ ਪ੍ਰਭਾਵ ਅਤੇ ਬਾਰ ਦੀਆਂ ਗਤੀਵਿਧੀਆਂ ਵਿਚ ਨਵੀਂ ਪੀੜ੍ਹੀ ਦੀ ਸਰਗਰਮ ਭਾਗੀਦਾਰੀ ਵਜੋਂ ਦੇਖਿਆ ਜਾ ਰਿਹਾ ਹੈ।
ਰੋਹਨ ਕਾਂਤ ਦੀ ਸ਼ਾਨਦਾਰ ਜਿੱਤ ਤੋਂ ਬਾਅਦ ਉਨ੍ਹਾਂ ਦੇ ਸਮਰਥਕਾਂ ਅਤੇ ਸਾਥੀ ਵਕੀਲਾਂ ਵਿਚ ਖਾਸਾ ਉਤਸ਼ਾਹ ਦੇਖਣ ਨੂੰ ਮਿਲਿਆ। ਐਡਵੋਕੇਟ ਅਰਜੁਨ ਤ੍ਰੇਹਣ ਨੇ ਰੋਹਨ ਕਾਂਤ ਨੂੰ ਉਨ੍ਹਾਂ ਦੀ ਇਤਿਹਾਸਕ ਜਿੱਤ ’ਤੇ ਦਿਲੋਂ ਵਧਾਈ ਦਿੰਦਿਆਂ ਕਿਹਾ ਕਿ ਇੰਨੀ ਘੱਟ ਉਮਰ ਵਿਚ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਚੋਣ ਵਿਚ ਵੱਡੇ ਫ਼ਰਕ ਨਾਲ ਜਿੱਤ ਹਾਸਲ ਕਰਨਾ ਉਨ੍ਹਾਂ ਦੀ ਮਿਹਨਤ, ਲਗਨ, ਲੋਕਪ੍ਰਿਯਤਾ ਅਤੇ ਵਕੀਲ ਭਾਈਚਾਰੇ ਵਿਚ ਮਜ਼ਬੂਤ ਪਕੜ ਨੂੰ ਦਰਸਾਉਂਦਾ ਹੈ।
ਐਡਵੋਕੇਟ ਅਰਜੁਨ ਤ੍ਰੇਹਣ ਨੇ ਕਿਹਾ ਕਿ ਰੋਹਨ ਕਾਂਤ ਵਰਗੇ ਨੌਜਵਾਨ ਵਕੀਲਾਂ ਦੀ ਕਾਮਯਾਬੀ ਬਾਰ ਵਿਚ ਨਵੀਂ ਸੋਚ, ਨਵੀਂ ਊਰਜਾ ਅਤੇ ਨਵੇਂ ਨੇਤ੍ਰਿਤਵ ਦਾ ਪ੍ਰਤੀਕ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਰੋਹਨ ਕਾਂਤ ਭਵਿੱਖ ਵਿਚ ਵਕੀਲ ਭਾਈਚਾਰੇ ਦੀਆਂ ਸਮੱਸਿਆਵਾਂ ਨੂੰ ਮਜ਼ਬੂਤੀ ਨਾਲ ਉਠਾਉਂਦੇ ਹੋਏ ਬਾਰ ਦੇ ਹਿੱਤਾਂ ਲਈ ਪ੍ਰਭਾਵਸ਼ਾਲੀ ਭੂਮਿਕਾ ਨਿਭਾਉਣਗੇ। ਇਸ ਮੌਕੇ ਐਡਵੋਕੇਟ ਅਰਜੁਨ ਤ੍ਰੇਹਣ, ਰਤਨ ਕੁਮਾਰ ਆਨੰਦ, ਰਿਸ਼ਭ ਗੁੰਬਰ, ਹਰਪ੍ਰੀਤ ਸਿੰਘ ਪੂਰਤੀ, ਪ੍ਰਭੂ ਧੀਰ, ਡੀ.ਡੀ. ਮਿਸ਼ਰਾ, ਸਿਮਰ ਸੈਣੀ, ਮੁਕੁਲ ਗੁਪਤਾ, ਸ਼ਾਂਤਨੂ, ਧ੍ਰੁਵ, ਯੁਵਰਾਜ ਸਿੰਘ, ਚੇਤਨ ਤਲਣ, ਸੋਨੂੰ, ਵਿਲਸਨ, ਦੁਰਗਾ ਪਾਂਡੇ, ਸ਼ਿਆਮਲੀ ਸੋਂਧੀ, ਸਾਈਂ ਜੋਤੀ, ਪ੍ਰੇਰਣਾ ਜੌਲੀ, ਹਰਲੀਨ ਸਿੱਧੂ ਸਮੇਤ ਵੱਡੀ ਗਿਣਤੀ ਵਿੱਚ ਸਾਥੀ ਅਤੇ ਸਮਰਥਕ ਮੌਜੂਦ ਰਹੇ।
ਨੌਜਵਾਨ ਚਿਹਰੇ ਦੀ ਵੱਡੀ ਜਿੱਤ ਨਾਲ ਵਕੀਲਾਂ ਵਿਚ ਉਤਸ਼ਾਹ
ਰੋਹਨ ਕਾਂਤ ਦੀ ਜਿੱਤ ਨੂੰ ਇਸ ਲਈ ਵੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ ਕਿਉਂਕਿ 27 ਸਾਲ ਦੀ ਉਮਰ ਵਿਚ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਚੋਣ ਜਿੱਤ ਕੇ ਉਨ੍ਹਾਂ ਨੇ ਨੌਜਵਾਨ ਵਕੀਲਾਂ ਲਈ ਇਕ ਨਵੀਂ ਮਿਸਾਲ ਕਾਇਮ ਕੀਤੀ ਹੈ। ਉਨ੍ਹਾਂ ਦੀ ਜਿੱਤ ਨਾਲ ਨੌਜਵਾਨ ਵਰਗ ਵਿਚ ਉਤਸ਼ਾਹ ਦਾ ਮਾਹੌਲ ਹੈ ਅਤੇ ਆਉਣ ਵਾਲੇ ਸਮੇਂ ਵਿਚ ਬਾਰ ਦੀਆਂ ਗਤੀਵਿਧੀਆਂ ਵਿਚ ਨੌਜਵਾਨ ਵਕੀਲਾਂ ਦੀ ਭਾਗੀਦਾਰੀ ਹੋਰ ਵਧਣ ਦੀ ਉਮੀਦ ਜਤਾਈ ਜਾ ਰਹੀ ਹੈ।