ਕਾਠਮੰਡੂ, 31 ਅਗਸਤ (ਪੀ.ਟੀ.ਆਈ.)-ਨਿਪਾਲ ਵਿਚ ਅਚਾਨਕ ਆਏ ਹੜ੍ਹਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ ਸੋਮਵਾਰ ਨੂੰ ਵੱਧ ਕੇ 939 ਹੋ ਗਈ, ਜਦਕਿ ਤਬਾਹੀ ਤੋਂ ਬਾਅਦ 4,247 ਲੋਕ ਅਜੇ ਵੀ ਲਾਪਤਾ ਹਨ। ਰਾਸ਼ਟਰੀ ਆਫ਼ਤ ਜੋਖਮ ਘਟਾਅ ਅਤੇ ਪ੍ਰਬੰਧਨ ਅਥਾਰਟੀ (ਐੱਨ.ਡੀ.ਆਰ.ਆਰ.ਐੱਮ.ਏ.) ਨੇ ਕਿਹਾ ਕਿ ਹੁਣ ਤੱਕ ਚਿਤਵਨ ਤੋਂ 272, ਨਵਲਪਰਾਸੀ ਪੂਰਬ ਤੋਂ 207, ਨਵਲਪਰਾਸੀ ਪੱਛਮ ਤੋਂ 151 ਅਤੇ ਗੋਰਖਾ ਜ਼ਿਲ੍ਹਿਆਂ ਤੋਂ 62 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਇਸੇ ਤਰ੍ਹਾਂ ਨੁਵਾਕੋਟ ਤੋਂ 95, ਧਾਦਿੰਗ ਤੋਂ 55, ਤਨਾਹੂ ਤੋਂ 37 ਅਤੇ ਰਸੁਵਾ ਤੋਂ 24 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ।
ਆਫ਼ਤ ਅਥਾਰਟੀ ਨੇ ਕਿਹਾ ਕਿ 4,247 ਲੋਕ ਲਾਪਤਾ ਵੀ ਹਨ, ਜਿਨ੍ਹਾਂ ਵਿਚ 99 ਸੁਰੱਖਿਆ ਕਰਮਚਾਰੀ ਅਤੇ 591 ਵਿਦੇਸ਼ੀ ਸ਼ਾਮਿਲ ਹਨ। ਚੀਨ ਵਾਲੇ ਪਾਸੇ 16 ਲੋਕਾਂ ਦੀ ਮੌਤ ਹੋਈ, ਜਦਕਿ ਚੀਨੀ ਮੀਡੀਆ ਰਿਪੋਰਟਾਂ ਅਨੁਸਾਰ ਤਿੱਬਤ ਵਿਚ ਲਗਭਗ 550 ਲੋਕ ਅਜੇ ਵੀ ਲਾਪਤਾ ਹਨ। ਹੜ੍ਹਾਂ ਨੇ ਭੋਟੇਕੋਸ਼ੀ ਕਾਰੀਡੋਰ ਨੂੰ ਵੀ ਵਹਾ ਦਿੱਤਾ, ਜੋ ਚੀਨ ਨਾਲ ਨਿਪਾਲ ਦਾ ਮੁੱਖ ਜ਼ਮੀਨੀ ਵਪਾਰਕ ਸੰਪਰਕ ਹੈ, ਅਤੇ ਨਾਲ ਹੀ ਦੋਵਾਂ ਦੇਸ਼ਾਂ ਨੂੰ ਜੋੜਨ ਵਾਲੀ ਰਸੁਵਾਗਾਧੀ ਸਰਹੱਦੀ ਚੌਕੀ ਨੂੰ ਵੀ ਨੁਕਸਾਨ ਪਹੁੰਚਾਇਆ।