ਜਗਰਾਉਂ (ਲੁਧਿਆਣਾ), 28 ਅਗਸਤ (ਕੁਲਦੀਪ ਸਿੰਘ ਲੋਹਟ)- ਕਬੱਡੀ ਖੇਡ ਨਾਲ ਜੁੜੇ ਅਮਰੀਕਾ ਵੱਸਦੇ ਖੇਡ ਪ੍ਰਮੋਟਰਾਂ ਅਤੇ ਖਿਡਾਰੀਆਂ ਨੇ ਮਰਹੂਮ ਕਬੱਡੀ ਖਿਡਾਰੀ ਨਿਰਭੈ ਹਠੂਰ ਦੇ ਪਰਿਵਾਰ ਦੀ ਬਾਂਹ ਫੜਦਿਆਂ ਦੋ ਲੱਖ ਰੁਪਏ ਦੀ ਵਿੱਤੀ ਸਹਾਇਤਾ ਭੇਜੀ ਹੈ। ਨਿਰਭੈ ਹਠੂਰ ਕੌਮਾਂਤਰੀ ਕਬੱਡੀ ਖਿਡਾਰੀ ਏਕਮ ਹਠੂਰ ਅਤੇ ਨਾਨਕ ਹਠੂਰ ਦੇ ਸਕੇ ਭਰਾ ਸਨ। ਇਹ ਸਹਾਇਤਾ ਅਮਰੀਕਾ ਵੱਸਦੇ ਖੇਡ ਪ੍ਰਮੋਟਰ ਰਾਜੂ ਪੱਤੋ, ਬਹਾਦਰ ਸਿੱਧੂ ਦੌਧਰ, ਗਾਜੀ ਮਾਣੂੰਕੇ, ਗੁਰਭੇਜ ਵਾਂਦਰ ਅਤੇ ਕਬੱਡੀ ਖਿਡਾਰੀ ਸੰਦੀਪ ਬੱਸੀਆਂ ਸਮੇਤ ਸਮੁੱਚੀ ਟੀਮ ਵਲੋਂ ਭੇਜੀ ਗਈ।
ਦੋ ਲੱਖ ਰੁਪਏ ਦੀ ਨਕਦ ਰਾਸ਼ੀ ਮਰਹੂਮ ਨਿਰਭੈ ਹਠੂਰ ਦੀ ਧਰਮਪਤਨੀ ਨੂੰ ਲੇਖਕ ਬੱਬੀ ਪੱਤੋ, ਕਬੱਡੀ ਖਿਡਾਰੀ ਸੁੱਖਾ ਲੋਪੋ ਅਤੇ ਨਿੱਕੂ ਲੋਪੋ ਰਾਹੀਂ ਸੌਂਪੀ ਗਈ। ਇਸ ਮੌਕੇ ਕਬੱਡੀ ਕੋਚ ਨੀਲੂ ਖਾਨ, ਖੇਡ ਜਗਤ ਦੀ ਨਾਮਵਰ ਹਸਤੀ ਬਿੱਟੂ ਚੱਕ ਵਾਲਾ, ਬਿੱਟੂ ਸੈਦੋਕੇ ਅਤੇ ਗੁਰਵਿੰਦਰ ਰਾਮਾਂ ਸਮੇਤ ਕਈ ਹੋਰ ਖੇਡ ਪ੍ਰੇਮੀ ਅਤੇ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਕਬੱਡੀ ਖੇਡ ਨਾਲ ਜੁੜੇ ਖਿਡਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਪ੍ਰਤੀ ਸਾਂਝੀ ਜ਼ਿੰਮੇਵਾਰੀ ਦੀ ਭਾਵਨਾ ਨੂੰ ਮਜ਼ਬੂਤ ਕਰਨਾ ਸਮੇਂ ਦੀ ਲੋੜ ਹੈ। ਉਨ੍ਹਾਂ ਅਮਰੀਕਾ ਵੱਸਦੇ ਕਬੱਡੀ ਪ੍ਰਮੋਟਰਾਂ ਵਲੋਂ ਕੀਤੀ ਇਸ ਸਹਾਇਤਾ ਨੂੰ ਖੇਡ ਭਾਈਚਾਰੇ ਦੀ ਸਾਂਝ ਅਤੇ ਹਮਦਰਦੀ ਦੀ ਮਿਸਾਲ ਦੱਸਿਆ।