ਡੇਰਾਬੱਸੀ, 27 ਅਗਸਤ (ਰਣਬੀਰ ਸਿੰਘ ਪੜ੍ਹੀ)- ਡੇਰਾਬੱਸੀ ਵਿਚ ਬੁੱਧਵਾਰ ਦੇਰ ਸ਼ਾਮ ਇਕ ਸਕੂਲ ਨੇੜੇ ਇਕ ਰੈਡੀਮੇਡ ਕੱਪੜਿਆਂ ਦੀ ਦੁਕਾਨ ’ਤੇ ਕੰਮ ਕਰ ਰਹੇ 18 ਸਾਲਾ ਨੌਜਵਾਨ ’ਤੇ ਬਾਈਕ ਸਵਾਰ ਹਮਲਾਵਰਾਂ ਵਲੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਹਮਲੇ ਵਿਚ ਨੌਜਵਾਨ ਦੇ ਦੋਵੇਂ ਹੱਥਾਂ ਦੀਆਂ ਉਂਗਲਾਂ ਵੱਢੀਆਂ ਗਈਆਂ, ਜਦਕਿ ਸਿਰ ’ਤੇ ਵੀ ਗੰਭੀਰ ਸੱਟਾਂ ਲੱਗੀਆਂ ਹਨ। ਜ਼ਖ਼ਮੀ ਨੂੰ ਇਲਾਜ ਲਈ ਪੀ.ਜੀ.ਆਈ. ਚੰਡੀਗੜ੍ਹ ਰੈਫਰ ਕੀਤਾ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਬੁੱਧਵਾਰ ਰਾਤ ਕਰੀਬ ਸਾਢੇ 8 ਵਜੇ ਕੁਝ ਬਾਈਕ ਸਵਾਰ ਨੌਜਵਾਨ ਰੈਡੀਮੇਡ ਦੁਕਾਨ ’ਤੇ ਪਹੁੰਚੇ ਅਤੇ ਉੱਥੇ ਕੰਮ ਕਰ ਰਹੇ 18 ਸਾਲਾ ਆਦਿਲ ਖ਼ਾਨ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਹਮਲੇ ਦੌਰਾਨ ਉਸ ਨੇ ਬਚਾਅ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਉਸ ਦੇ ਦੋਵੇਂ ਹੱਥਾਂ ’ਤੇ ਗੰਭੀਰ ਸੱਟਾਂ ਲੱਗੀਆਂ ਅਤੇ ਉਂਗਲਾਂ ਕੱਟੀਆਂ ਗਈਆਂ। ਸਿਰ ’ਤੇ ਵੀ ਹਥਿਆਰ ਨਾਲ ਵਾਰ ਕੀਤੇ ਜਾਣ ਦੀ ਗੱਲ ਸਾਹਮਣੇ ਆਈ ਹੈ। ਹਮਲੇ ਤੋਂ ਬਾਅਦ ਆਦਿਲ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਕੇ ਮੌਕੇ ’ਤੇ ਡਿੱਗ ਪਿਆ। ਨੇੜਲੇ ਦੁਕਾਨਦਾਰਾਂ ਨੇ ਤੁਰੰਤ ਉਸ ਨੂੰ ਡੇਰਾਬੱਸੀ ਦੇ ਸਰਕਾਰੀ ਹਸਪਤਾਲ ਪਹੁੰਚਾਇਆ। ਡਾਕਟਰਾਂ ਨੇ ਉਸ ਦੀ ਹਾਲਤ ਨੂੰ ਦੇਖਦਿਆਂ ਪਹਿਲਾਂ ਸੈਕਟਰ-32 ਹਸਪਤਾਲ ਰੈਫਰ ਕੀਤਾ, ਜਿੱਥੋਂ ਬਾਅਦ ਵਿਚ ਉਸ ਨੂੰ ਪੀ.ਜੀ.ਆਈ. ਚੰਡੀਗੜ੍ਹ ਭੇਜ ਦਿੱਤਾ ਗਿਆ। ਘਟਨਾ ਦੀ ਸੂਚਨਾ ਮਿਲਣ ’ਤੇ ਪੁਲਿਸ ਟੀਮ ਮੌਕੇ ’ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਵਲੋਂ ਆਸ-ਪਾਸ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ, ਤਾਂ ਜੋ ਹਮਲਾਵਰਾਂ ਦੀ ਪਛਾਣ ਕੀਤੀ ਜਾ ਸਕੇ। ਫਿਲਹਾਲ ਹਮਲੇ ਦੇ ਪਿੱਛੇ ਕੀ ਕਾਰਨ ਸੀ ਅਤੇ ਹਮਲਾਵਰਾਂ ਦੀ ਗਿਣਤੀ ਕਿੰਨੀ ਸੀ, ਇਸ ਸੰਬੰਧੀ ਪੁਲਿਸ ਜਾਂਚ ਤੋਂ ਬਾਅਦ ਹੀ ਸਪੱਸ਼ਟ ਹੋ ਸਕੇਗਾ।