ਹੈਦਰਾਬਾਦ, 26 ਅਗਸਤ- ਤੇਲੰਗਾਨਾ ਦੇ ਸੂਰਿਆਪੇਟ ਵਿਚ ਸਵੇਰੇ 5:20 ਵਜੇ ਦੇ ਕਰੀਬ ਇਕ ਨਿੱਜੀ ਯਾਤਰਾ ਬੱਸ ਦੇ ਟਰੱਕ ਨਾਲ ਟਕਰਾ ਜਾਣ ਨਾਲ ਛੇ ਲੋਕਾਂ ਦੀ ਮੌਤ ਹੋ ਗਈ ਤੇ ਕਈ ਹੋਰ ਗੰਭੀਰ ਜ਼ਖਮੀ ਹੋ ਗਏ। ਪੁਲਿਸ ਨੇ ਦੱਸਿਆ ਕਿ ਜ਼ਖਮੀਆਂ ਨੂੰ ਇਲਾਜ ਲਈ ਸਥਾਨਕ ਹਸਪਤਾਲਾਂ ਵਿਚ ਦਾਖਲ ਕਰਵਾਇਆ ਗਿਆ ਹੈ। ਇਸ ਵਿਚ ਕੁੱਲ 43 ਯਾਤਰੀ ਸਵਾਰ ਸਨ। ਪੁਲਿਸ ਅਨੁਸਾਰ ਬੱਸ ਹੈਦਰਾਬਾਦ ਤੋਂ ਵਿਜੇਵਾੜਾ ਜਾ ਰਹੀ ਸੀ। ਇਹ ਹਾਦਸਾ ਸੂਰਿਆਪੇਟ ਦੇ ਦੁਰਗਾਪੁਰਮ ਸਟੇਜ ਨੇੜੇ ਵਾਪਰਿਆ।
ਪੁਲਿਸ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਮ੍ਰਿਤਕਾਂ ਦੀ ਪਛਾਣ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਤੇਲੰਗਾਨਾ ਦੇ ਮੁੱਖ ਮੰਤਰੀ ਰੇਵੰਤ ਰੈਡੀ ਨੇ ਹਾਦਸੇ 'ਤੇ ਦੁੱਖ ਪ੍ਰਗਟ ਕੀਤਾ ਹੈ। ਤੇਲੰਗਾਨਾ ਦੇ ਮੁੱਖ ਮੰਤਰੀ ਦਫ਼ਤਰ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਕੋਡਾਡ ਮੰਡਲ ਦੇ ਦਵਾਰਕੁੰਟਾ ਵਿਚ ਇਕ ਨਿੱਜੀ ਬੱਸ ਇਕ ਕੰਟੇਨਰ ਨਾਲ ਟਕਰਾ ਗਈ। ਮੁੱਖ ਮੰਤਰੀ ਨੇ ਰਾਜ ਦੇ ਮੁੱਖ ਸਕੱਤਰ ਨੂੰ ਜ਼ਖਮੀਆਂ ਦਾ ਸਭ ਤੋਂ ਵਧੀਆ ਸੰਭਵ ਇਲਾਜ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ।