ਸੁਨਾਮ ਊਧਮ ਸਿੰਘ ਵਾਲਾ ( ਸੰਗਰੂਰ), 25 ਅਗਸਤ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ)- ਅੱਜ ਸਵੇਰੇ ਇਕ ਫੈਕਟਰੀ ਵਿਚ ਨੌਜਵਾਨ ਦੀ ਬਿਜਲੀ ਦਾ ਕਰੰਟ ਲੱਗਣ ਕਾਰਨ ਮੌਤ ਹੋਣ ਦੀ ਖ਼ਬਰ ਹੈ। ਸਥਾਨਕ ਸਿਵਲ ਹਸਪਤਾਲ ਵਿਖੇ ਮ੍ਰਿਤਕ ਨੌਜਵਾਨ ਦੀ ਮਾਤਾ ਸਰਬਜੀਤ ਕੌਰ ਪਿੰਡ ਕੜਿਆਲ ਨੇ ਰੋਂਦੇ ਹੋਏ ਦੱਸਿਆ ਕਿ ਉਸ ਦਾ ਲੜਕਾ ਗੁਰਵਿੰਦਰ ਸਿੰਘ ਪਿੰਡ ਦਿੜ੍ਹਬਾ-ਕੜਿਆਲ ਵਿਚਕਾਰ ਇਕ ਗੱਤੇ ਦੀ ਫੈਕਟਰੀ ਵਿਚ ਪਿਛਲੇ ਪੰਦਰਾਂ ਸਾਲਾਂ ਸਾਲ ਤੋਂ ਫੋਰਮੈਨ ਵਜੋਂ ਕੰਮ ਕਰਦਾ ਸੀ।
ਅੱਜ ਸਵੇਰੇ ਉਹ ਫੈਕਟਰੀ ਵਿਚ ਫਰਾਟਾ ਪੱਖਾ ਲਾ ਕੇ ਮੱਝਾਂ ਨਹਾ ਰਿਹਾ ਸੀ। ਇਸ ਦੌਰਾਨ ਉਸਨੂੰ ਬਿਜਲੀ ਦਾ ਕਰੰਟ ਲੱਗ ਗਿਆ। ਜਿਸ ਕਾਰਨ ਗੁਰਵਿੰਦਰ ਸਿੰਘ (32) ਪੁੱਤਰ ਬੂਟਾ ਸਿੰਘ ਪਿੰਡ ਕੜਿਆਲ ਦੀ ਮੌਕੇ ਤੇ ਹੀ ਮੌਤ ਹੋ ਗਈ। ਜਦੋਂ ਇਸ ਸਬੰਧੀ ਪੁਲਿਸ ਥਾਣਾ ਦਿੜ੍ਹਬਾ ਦੇ ਸਹਾਇਕ ਥਾਣੇਦਾਰ ਸਤਨਾਮ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਪੁਲਿਸ ਵਲੋਂ ਮਾਮਲੇ ਦੀ ਪੜ੍ਹਤਾਲ ਕੀਤੀ ਜਾ ਰਹੀ ਹੈ, ਜੋ ਵੀ ਗੱਲ ਸਾਹਮਣੇ ਆਵੇਗੀ। ਉਸ ਅਨੁਸਾਰ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ ਅਤੇ ਪੋਸਟਮਾਰਟਮ ਉਪਰੰਤ ਮ੍ਰਿਤਕ ਦੀ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਜਾਵੇਗੀ।