ਜੈਤੋ (ਬਠਿੰਡਾ), 24 ਅਗਸਤ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਸਥਾਨਕ ਸ਼ਹਿਰ ਦੇ ਅੰਦਰ ਲੁੱਟ ਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਵਿਚ ਵਾਧਾ ਹੋ ਰਿਹਾ ਹੈ ਪਰ ਪੁਲਿਸ ਪ੍ਰਸ਼ਾਸ਼ਨ ਖਾਮੋਸ਼ ਬੈਠਾ ਹੋਇਆ ਹੈ। ਅੱਜ ਦੁਪਹਿਰੇ ਮੋਟਸਾਈਕਲ ਸਵਾਰ ਜਿਸ ਨੇ ਆਪਣਾ ਚੇਹਰਾ ਕੱਪੜੇ ਨਾਲ ਢੱਕਿਆ ਹੋਇਆ ਸੀ ਵਲੋਂ ਮੇਨ ਬਾਜ਼ਾਰ ਵਿਚ ਸਥਿਤ ਸਥਾਨਕ (ਚੌਂਕ ਨੰਬਰ 2) ਦੇ ਨਜ਼ਦੀਕ ਤੁਰੀ ਜਾਂਦੀ ਔਰਤ ਅਮਰਜੀਤ ਕੌਰ (ਪਤਨੀ ਸੁਖਦੇਵ ਸਿੰਘ ਸੁੱਖਾ ਪ੍ਰਧਾਨ) ਤੋਂ ਪਰਸ ਖੋਹ ਕੇ ਫ਼ਰਾਰ ਹੋ ਗਿਆ।
ਜਿਸ ਵਿਚ ਮੋਬਾਇਲ, ਕਰੀਬ 4000 ਰੁਪਏ, 300 ਰੁਪਏ ਦੀ ਭਾਨ, ਪੇਨ ਕਾਰਡ, ਅਧਾਰ ਕਾਰਡ ਅਤੇ ਬੈਂਕ ਦੀ ਕਾਪੀ ਆਦਿ ਕਾਗਜ਼ ਪੱਤਰ ਸਨ। ਇਥੇ ਦੱਸਣਾ ਜ਼ਰੂਰੀ ਹੈ ਕਿ ਕੁਝ ਦਿਨ ਪਹਿਲਾਂ ਚੋਰਾਂ ਵਲੋਂ ਖੇਡ ਸਟੇਡੀਅਮ ਜੈਤੋ ਵਿਚ ਲੱਗੀ ਮੱਛੀ ਮੋਟਰ ਚੋਰੀ ਕਰਕੇ ਲੈ ਗਏ ਸਨ। ਪ੍ਰਬੰਧਕਾ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾਂ ਵੀ ਦੋ ਵਾਰ ਮੱਛੀ ਮੋਟਰ ਚੋਰੀ ਹੋ ਚੁੱਕੀ ਹੈ।ਇਥੇ ਹੀ ਨਹੀਂ, ਬੀਤੇ ਦਿਨੀਂ ਸਮਾਨ ਢੋਣ ਵਾਲੇ ਰਿਕਸ਼ਾ ਤੋਂ ਦੋ ਮੋਟਸਾਈਕਲ ਸਵਾਰ ਖੰਡ ਦਾ ਗੱਟਾ ਚੋਰੀ ਕਰਕੇ ਫ਼ਰਾਰ ਹੋ ਗਏ ਸਨ।
ਇਨ੍ਹਾਂ ਲੁੱਟ ਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਕਾਰਨ ਲੋਕਾਂ ਵਿਚ ਦਹਿਸ਼ਤ ਦਾ ਮਹੌਲ ਹੈ। ਲੋਕਾਂ ਨੇ ਪੁਲਿਸ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਹੈ ਕਿ ਲੁੱਟ ਖੋਹ ਅਤੇ ਚੋਰੀ ਕਰਨ ਵਾਲਿਆਂ ਨੂੰ ਨਿਕੇਲ ਪਾਈ ਜਾਵੇ।