ਦਿੜ੍ਹਬਾ ਮੰਡੀ (ਸੰਗਰੂਰ), 17 ਅਗਸਤ (ਜਸਵੀਰ ਸਿੰਘ ਔਜਲਾ)- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਦਿੜਬਾ ਵਲੋਂ ਪਿੰਡ ਤੂਰਬੰਜਾਰਾ ਵਿਖੇ ਪੱਕਾ ਮੋਰਚਾ 18ਵੇਂ ਦਿਨ ਵਿਚ ਪਹੁੰਚ ਗਿਆ ਹੈ। ਪਿੰਡ ਦੇ ਕਿਸਾਨਾਂ ਮਜ਼ਦੂਰਾ ਅਤੇ ਔਰਤਾ ਨੇ ਵੱਡੀ ਗਿਣਤੀ ਵਿਚ ਇਕੱਠੇ ਹੋ ਕੇ ਸੈਲੋ ਪਲਾਂਟ ਲਗਾਉਣ ਵਾਲੀ ਕੰਪਨੀ ਦੇ ਬਰਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਬਲਾਕ ਦਿੜਬਾ ਦੇ ਪ੍ਰਧਾਨ ਹਰਜੀਤ ਸਿੰਘ ਮਹਿਲਾਂ ਅਤੇ ਬਲਾਕ ਖਜਾਨਚੀ ਜਗਦੀਪ ਸਿੰਘ ਮਹਿਲਾਂ ਨੇ ਦੱਸਿਆ ਕਿ ਪਿੰਡ ਦੇ ਬਿਲਕੁਲ ਨਾਲ ਲੱਗਦੀ ਹੱਦ ਵਿਚ ਪੀ. ਯੂ. ਬੀ. ਐਗਰੀ ਲੋਸਟਿਕ ਪ੍ਰਾਈਵੇਟ ਲਿਮਿਟਡ ਕੰਪਨੀ ਵਲੋਂ ਸੈਲੋ ਪਲਾਂਟ ਲਗਾਇਆ ਜਾ ਰਿਹਾ ਹੈ।
ਜਿਸ ਦੇ ਵਿਰੋਧ ਵਿਚ ਪਿੰਡ ਵਾਸੀਆਂ ਵਲੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਦਿੜਬਾ ਦੇ ਸਹਿਯੋਗ ਨਾਲ ਪੱਕਾ ਮੋਰਚਾ ਲਗਾਇਆ ਹੋਇਆ ਹੈ ਕਿਉਂਕਿ ਸੈਲੋ ਕੰਪਨੀ ਸਾਰੀਆਂ ਹਿਦਾਇਤਾਂ ਨੂੰ ਛਿੱਕੇ ਟੰਗ ਕੇ ਧੱਕੇਸ਼ਾਹੀ ਨਾਲ ਸੈਲੋ ਪਲਾਟ ਲਗਾਉਣਾ ਚਾਹੁੰਦੀ ਹੈ। ਜਿਸ ਦਾ ਮਾਨਯੋਗ ਕੋਰਟ ਵਿਚ ਕੇਸ ਵੀ ਚੱਲ ਰਿਹਾ ਹੈ 2 ਸਾਲ ਪਹਿਲਾਂ ਵੀ ਇਸੇ ਕੰਪਨੀ ਨੇ ਇਸ ਜਗ੍ਹਾਂ ਤੇ ਸੈਲੋ ਪਲਾਂਟ ਲਗਾਉਣ ਦੀ ਕੋਸ਼ਿਸ਼ ਕੀਤੀ ਸੀ। ਪਿੰਡ ਵਾਸੀਆਂ ਦੇ ਸਖ਼ਤ ਵਿਰੋਧ ਨੂੰ ਦੇਖਦਿਆਂ ਕੰਪਨੀ ਪਿੱਛੇ ਹੱਟ ਗਈ ਸੀ ਹੁਣ ਦੁਬਾਰਾ ਫਿਰ ਤੋਂ ਧੱਕੇਸ਼ਾਹੀ ਨਾਲ ਪਿੰਡ ਦੀ ਹੱਦ ਵਿਚ ਸੈਲੋ ਪਲਾਂਟ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਨੂੰ ਕਿਸੇ ਵੀ ਕੀਮਤ ਤੇ ਨਹੀਂ ਲੱਗਣ ਨਹੀ ਦਿੱਤਾ ਜਾਵੇਗਾ।