ਜਲੰਧਰ, 12 ਅਗਸਤ (ਦਵਿੰਦਰ)- ਗੁਰਾਇਆ ਨੈਸ਼ਨਲ ਹਾਈਵੇ ’ਤੇ ਮੇਨ ਚੌਂਕ ਦੇ ਪੁਲ ਉੱਪਰ ਸੀ.ਐਨ.ਜੀ. ਸਿਲੰਡਰਾਂ ਨਾਲ ਭਰੇ ਟਰੱਕ ਅਤੇ ਰੇਤ ਨਾਲ ਭਰੇ ਟਿੱਪਰ ਦੀ ਜ਼ਬਰਦਸਤ ਟੱਕਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਹਾਦਸੇ ਦੀ ਸੂਚਨਾ ਰਾਹਗੀਰ ਵਲੋਂ ਸੜਕ ਸੁਰੱਖਿਆ ਫੋਰਸ (SSF) ਨੂੰ ਦਿੱਤੀ ਗਈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਸਰਬਜੀਤ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਉਹ ਟੀਮ ਸਮੇਤ ਮੌਕੇ ’ਤੇ ਪਹੁੰਚੇ। ਉਥੇ ਸੀ.ਐਨ.ਜੀ. ਸਿਲੰਡਰਾਂ ਨਾਲ ਭਰੇ ਟਰੱਕ ਦਾ ਡਰਾਈਵਰ ਕੈਬਿਨ ਅੰਦਰ ਫਸਿਆ ਹੋਇਆ ਸੀ। ਐਸ.ਐਸ.ਐਫ਼. ਦੀ ਟੀਮ ਨੇ ਲੋਕਾਂ ਦੀ ਮਦਦ ਨਾਲ ਡਰਾਈਵਰ ਨੂੰ ਬਾਹਰ ਕੱਢਿਆ ਅਤੇ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਫਿਲੌਰ ਵਿਖੇ ਇਲਾਜ ਲਈ ਭੇਜਿਆ।
ਦੂਜੇ ਪਾਸੇ ਰੇਤੇ ਨਾਲ ਭਰੇ ਟਿੱਪਰ ਦੇ ਡਰਾਈਵਰ ਸੰਦੀਪ ਨੇ ਦੱਸਿਆ ਕਿ ਸਿਲੰਡਰਾਂ ਵਾਲਾ ਟਰੱਕ ਪਿੱਛੋਂ ਆ ਕੇ ਉਸ ਦੇ ਟਿੱਪਰ ਨਾਲ ਟਕਰਾ ਗਿਆ। ਟੱਕਰ ਕਾਰਨ ਟਿੱਪਰ ਦਾ ਟਾਇਰ ਵੀ ਪੰਚਰ ਹੋ ਗਿਆ, ਜਦਕਿ ਗੈਸ ਵਾਲੇ ਟਰੱਕ ਨੂੰ ਵੱਡਾ ਨੁਕਸਾਨ ਪਹੁੰਚਿਆ ਅਤੇ ਉਸ ਦੇ ਪਰਖੱਚੇ ਉੱਡ ਗਏ। ਫਿਲਹਾਲ ਹਾਦਸੇ ਦੇ ਸਹੀ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।